ਕੈਨੇਡਾ 'ਚ ਅਲਫਾ ਅਕੈਡਮੀ ਦੇ ਬਾਹਰ ਭਾਰਤੀ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ (ਤਸਵੀਰਾਂ)
Wednesday, May 25, 2022 - 12:55 PM (IST)
ਟੋਰਾਂਟੋ (ਬਿਊਰੋ)- ਬਿਹਤਰ ਭਵਿੱਖ ਲਈ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਅਤੇ ਉੱਥੇ ਪੱਕੇ ਹੋਣ ਦੇ ਮੌਕੇ ਨੂੰ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਪਰ ਸਮੇਂ ਦੇ ਚੱਲਦਿਆਂ ਇਸ ਸਾਰੇ ਪ੍ਰਕਰਣ 'ਚ ਕੁਝ (ਦੁਕਾਨਾਂ ਰੂਪੀ) ਨਿੱਜੀ ਕਾਲਜਾਂ ਦੇ ਫਲਾਪ ਹੋਣ ਅਤੇ ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਪੈਣ ਦੀ ਚਰਚਾ ਹੈ। ਕਿਊਬਕ ਵਿਚ ਲਾਰੇਂਸ ਕਾਲਜ ਦਾ ਦਿਵਾਲਾ ਨਿਕਲਣ ਤੋਂ ਬਾਅਦ ਹੁਣ ਉਸ ਨਾਲ ਸਬੰਧਿਤ ਟੋਰਾਂਟੋ ਸਥਿਤ ਅਲਫਾ ਇੰਟਰਨੈਸ਼ਨਲ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਹੱਦੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦੇਣ, ਉਨ੍ਹਾਂ ਤੋਂ ਫੀਸਾਂ ਲੈਣ ਅਤੇ ਹੁਣ ਸੀਟਾਂ ਨਾ ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੇ ਇੱਕ ਸਕਾਰਬੋਰੋ ਕਾਲਜ ਨੂੰ ਟਿਊਸ਼ਨ ਵਿੱਚ 15,000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਹੈ, ਕਹਿੰਦੇ ਹਨ ਕਿ ਉਹਨਾਂ ਦੇ ਦਾਖਲੇ ਨੂੰ ਇਕਪਾਸੜ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ - ਉਹਨਾਂ ਦੇ ਅਧਿਐਨ ਪਰਮਿਟ ਖ਼ਤਰੇ ਵਿੱਚ ਹਨ।ਹਰਮਨਪ੍ਰੀਤ ਕੌਰ ਨੇ ਹਾਲ ਹੀ ਵਿੱਚ ਸੇਂਟ ਲਾਰੈਂਸ ਕਾਲਜ ਦੇ ਐਫੀਲੀਏਟ ਅਲਫਾ ਕਾਲਜ ਆਫ ਬਿਜ਼ਨਸ ਐਂਡ ਤਕਨਾਲੋਜੀ ਵਿੱਚ ਆਪਣਾ ਪਹਿਲਾ ਸਮੈਸਟਰ ਪੂਰਾ ਕੀਤਾ, ਜਦੋਂ ਉਸਨੂੰ 17 ਮਈ ਨੂੰ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸਦਾ ਬਸੰਤ ਸਮੈਸਟਰ ਦਾਖਲਾ ਮੁਅੱਤਲ ਕਰ ਦਿੱਤਾ ਗਿਆ ਹੈ।ਕੌਰ ਉਨ੍ਹਾਂ ਦਰਜਨਾਂ ਵਿਦਿਆਰਥੀਆਂ 'ਚ ਸ਼ਾਮਲ ਹੈ, ਜੋ ਕੈਨੇਡੀ ਰੋਡ 'ਤੇ ਅਲਫ਼ਾ ਕਾਲਜ ਦੇ ਸਾਹਮਣੇ ਰਾਤ-ਦਿਨ ਧਰਨਾ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਲੈਕਚਰਾਰ ਨੂੰ ਸਿੱਖ ਦੀ 'ਦਸਤਾਰ' ਦਾ ਮਜ਼ਾਕ ਉਡਾਉਣਾ ਪਿਆ ਮਹਿੰਗਾ, ਹੋਈ ਸਖ਼ਤ ਕਾਰਵਾਈ
ਪਤਾ ਲੱਗਾ ਹੈ ਕਿ ਅਕੈਡਮੀ ਵਿਚ ਉਨੀਆਂ ਸੀਟਾਂ ਨਹੀਂ ਹਨ ਜਿੰਨੇ ਸਵੀਕ੍ਰਿਤੀ ਪੱਤਰ ਜਾਰੀ ਕਰ ਦਿੱਤੇ ਗਏ। ਇਹ ਵੀ ਕਿ ਕੋਵਿਡ ਦੌਰਾਨ ਆਨਲਾਈਨ ਪੜ੍ਹਾਈ ਕਰਦੇ ਰਹੇ (ਵੱਡੀ ਗਿਣਤੀ) ਮੁੰਡੇ ਤੇ ਕੁੜੀਆਂ ਦਾ ਵੀ ਸਮੇਂ ਸਿਰ ਸੀਟਾਂ ਨਾ ਦੇ ਕੇ ਭਵਿੱਖ ਖਤਰੇ 'ਚ ਪਾਏ ਜਾਣ ਦੀ ਖ਼ਬਰ ਹੈ। ਬੀਤੇ ਦਿਨੀਂ ਅਕੈਡਮੀ ਦੇ ਬਾਹਰ ਭਾਰਤੀ (ਜਿਨ੍ਹਾਂ 'ਚ ਬਹੁਗਿਣਤੀ ਪੰਜਾਬ ਅਤੇ ਹਰਿਆਣਾ ਤੋਂ ਹਨ) ਵਿਦਿਆਰਥੀਆਂ ਨੇ ਰੋਸ ਮੁਜ਼ਹਾਰਾ ਕੀਤਾ। ਇਸ ਦੌਰਾਨ ਸਕਾਰਬਰੋ ਸਥਿਤ ਗੁਰਦੁਆਰਾ ਸਾਹਿਬ ਤੋਂ ਲੰਗਰ ਉਪਲੱਬਧ ਕਰਵਾਇਆ ਗਿਆ ਅਤੇ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਪੁਲਸ ਸੱਦਣ ਤੋਂ ਬਾਅਦ ਨੌਜਵਾਨਾਂ ਨੂੰ ਰਾਤ ਕੱਟਣ ਲਈ ਗੁਰਦੁਆਰਾ ਸਾਹਿਬ ਜਾ ਕੇ ਆਸਰਾ ਲੈਣਾ ਪਿਆ। ਜਾਣਕਾਰੀ ਅਨੁਸਾਰ ਕੈਨੇਡਾ ਵਿਚ ਪਹੁੰਚ ਚੁੱਕੇ ਵਿਦੇਸ਼ੀ ਵਿਦਿਆਰਥੀਆਂ ਨਾਲ ਅਕੈਡਮੀ ਦੇ ਪ੍ਰਬੰਧਕ ਸਮਝੌਤਾ ਕਰਨ ਦਾ ਭਰੋਸਾ ਦੇ ਰਹੇ ਹਨ ਪਰ ਅਜੇ ਭਾਰਤ ਸਮੇਤ ਵਿਦੇਸ਼ਾਂ ਵਿਚ ਆਨਲਾਈਨ ਪੜ੍ਹਾਈ ਕਰਦੇ ਵਿਦਿਆਰਥੀਆਂ ਦੇ ਮਾਮਲੇ ਵਿਚ ਗੁੰਝਲ਼ ਬਰਕਰਾਰ ਹੈ।