ਯੂ. ਕੇ. ''ਚ ਵਰਕ ਵੀਜ਼ੇ ਲਈ ਭਾਰਤੀ ਵਿਦਿਆਰਥੀਆਂ ਨੇ ਛੇੜੀ ਮੁਹਿੰਮ
Monday, Sep 16, 2019 - 02:39 PM (IST)

ਲੰਡਨ— ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਦਾ ਪ੍ਰਤੀਨਿਧ ਕਰਨ ਵਾਲੀ ਇਕ ਮਹੱਤਵਪੂਰਣ ਸੰਸਥਾ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਪੱਤਰ ਲਿਖ ਕੇ ਇਹ ਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ ਕਿ ਪੜ੍ਹਾਈ ਮਗਰੋਂ ਦੋ ਸਾਲ ਲਈ ਵਰਕ ਵੀਜ਼ੇ ਦੀ ਸੁਵਿਧਾ ਦੇਸ਼ 'ਚ ਇਸ ਸਮੇਂ ਪੜ੍ਹ ਰਹੇ ਸਾਰੇ ਕੌਮਾਂਤਰੀ ਵਿਦਿਆਰਥੀ ਨੂੰ ਦਿੱਤੀ ਜਾਵੇ। 'ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲਮਨਾਈ ਬ੍ਰਿਟੇਨ' (ਐੱਨ. ਆਈ. ਐੱਸ. ਏ. ਯੂ.- ਯੂ. ਕੇ.) ਨੇ ਕਿਹਾ ਕਿ ਬ੍ਰਿਟੇਨ ਸਰਕਾਰ ਨੇ ਪਿਛਲੇ ਹਫਤੇ ਜਿਸ ਨਵੇਂ 'ਗ੍ਰੈਜੂਏਟ ਵੀਜ਼ਾ' ਪ੍ਰੋਗਰਾਮ ਦੀ ਘੋਸ਼ਣਾ ਕੀਤੀ ਸੀ, ਉਸ ਨੂੰ 2020-21 ਅਕਾਦਮੀ ਸਾਲ ਦੇ ਵਿਦਿਆਰਥੀਆਂ ਲਈ ਵੈਲਿਡ ਬਣਾਉਣ ਦੀਆਂ ਯੋਜਨਾਵਾਂ ਨੇ ਉਨ੍ਹਾਂ ਵਿਦਿਆਰਥੀਆਂ ਵਿਚਕਾਰ ਅਸ਼ਾਂਤੀ ਤੇ ਦੁਵਿਧਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਦਾ 2019-20 ਅਕਾਦਮੀ ਸਾਲ ਇਸ ਮਹੀਨੇ ਸ਼ੁਰੂ ਹੋ ਰਿਹਾ ਹੈ।
ਐੱਨ. ਆਈ. ਐੱਸ. ਏ. ਯੂ. ਯੂ. ਕੇ. ਨੇ ਡਾਊਨਿੰਗ ਸਟ੍ਰੀਟ ਨੂੰ ਐਤਵਾਰ ਨੂੰ ਜਾਰੀ ਪੱਤਰ 'ਚ ਅਪੀਲ ਕੀਤੀ ਕਿ ਇਸ ਗ੍ਰੈਜੂਏਟ ਵੀਜ਼ਾ ਲਈ ਉਹ ਸਾਰੇ ਕੌਮਾਂਤਰੀ ਵਿਦਿਆਰਥੀ ਯੋਗ ਹੋਣੇ ਚਾਹੀਦੇ ਹਨ, ਜਿਨ੍ਹਾਂ ਕੋਲ 10 ਸਤੰਬਰ, 2019 ਨੂੰ ਇਸ ਵੀਜ਼ੇ ਦੀ ਘੋਸ਼ਣਾ ਸਮੇਂ ਵੈਲਿਡ ਟੀਅਰ 4 ਵੀਜ਼ਾ ਸੀ। ਉਸ ਨੇ ਕਿਹਾ-'ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਗ੍ਰੈਜੂਏਸ਼ਨ ਵੀਜ਼ਾ 'ਤੇ ਹੁਣ ਵੀ ਕੰਮ ਕੀਤਾ ਜਾ ਰਿਹਾ ਹੈ....ਅਜਿਹਾ ਲੱਗਦਾ ਹੈ ਕਿ ਸਤੰਬਰ 2020 ਤੋਂ ਪਹਿਲਾਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਇਸ ਤੋਂ ਬਾਹਰ ਰੱਖੇ ਜਾ ਸਕਦੇ ਹਨ। ਇਸ ਕਾਰਨ ਮੌਜੂਦਾ ਅਤੇ ਸਤੰਬਰ 2019-20 ਅਕੈਡਿਮਕ ਸਾਲ ਲਈ ਆ ਰਹੇ ਵਿਦਿਆਰਥੀਆਂ ਵਿਚਕਾਰ ਕਾਫੀ ਅਸ਼ਾਂਤੀ ਅਤੇ ਦੁਵਿਧਾ ਹੈ।
ਐੱਨ. ਆਈ. ਐੱਸ. ਏ. ਯੂ.-ਯੂ. ਕੇ. ਨੇ ਸਰਕਾਰ ਦੀ ਇਸ ਘੋਸ਼ਣਾ ਦਾ ਸਵਾਗਤ ਕੀਤਾ ਪਰ ਇਹ ਵੀ ਚਿੰਤਾ ਪ੍ਰਗਟਾਈ ਕਿ ਬਾਕੀਆਂ ਨਾਲ ਮਤਭੇਦ ਹੋ ਸਕਦਾ ਹੈ ਕਿਉਂਕਿ ਉਹ ਮੌਜੂਦਾ ਵਿਵਸਥਾ ਮੁਤਾਬਕ ਪੜ੍ਹਾਈ ਮਗਰੋਂ 4 ਮਹੀਨੇ ਹੀ ਕੰਮ ਕਰ ਸਕਣਗੇ ਜਦਕਿ ਉਨ੍ਹਾਂ ਦੇ ਬਾਅਦ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਦੋ ਸਾਲ ਤਕ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਪੱਤਰ 'ਚ ੇਐੱਨ. ਆਈ. ਐੱਸ. ਏ. ਯੂ.- ਯੂ. ਕੇ. ਦੀ ਸੰਸਥਾਪਕ ਸਨਮ ਅਰੋੜਾ ਅਤੇ ਪ੍ਰਧਾਨ ਮੋਹਨੀਸ਼ ਬੋਰਾਨਾ ਦੇ ਦਸਤਖਤ ਹਨ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੀ ਯੂਨੀਵਰਸਿਟੀ 'ਚ ਪੜ੍ਹਾਈ ਲਈ ਅਰਜ਼ੀ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 42 ਫੀਸਦੀ ਮੌਜੂਦਾ ਵਾਧੇ ਦਾ ਸਿੱਧਾ ਸਬੰਧ ਇਸ ਉਮੀਦ ਨਾਲ ਕੀਤਾ ਹੈ ਕਿ ਅਧਿਐਨ ਮਗਰੋਂ ਕੰਮ ਕਰਨ ਦੇ ਪ੍ਰਸਤਾਵ ਨੂੰ ਫਿਰ ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਕਾਲਜਾਂ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਦੀ ਪੁਰਾਣੀ ਮੰਗ ਤਹਿਤ ਕਦਮ ਚੁੱਕਦੇ ਹੋਏ ਬ੍ਰਿਟੇਨ ਸਰਕਾਰ ਨੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਮਗਰੋਂ ਦੋ ਸਾਲ ਦਾ ਵਰਕ ਵੀਜ਼ਾ ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵੀਂ ਗ੍ਰੈਜੂਏਟ ਯੋਜਨਾ ਅਗਲੇ ਸਾਲ ਸ਼ੁਰੂ ਹੋਵੇਗੀ ਅਤੇ ਇਹ ਉਨ੍ਹਾਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਕੋਲ ਵਿਦਿਆਰਥੀ ਦੇ ਤੌਰ 'ਤੇ ਬ੍ਰਿਟੇਨ ਦਾ ਵੈਲਿਡ ਵੀਜ਼ਾ ਦਰਜ ਹੈ। ਬ੍ਰਿਟੇਨ ਦੀ ਸਾਬਕਾ ਪੀ. ਐੱਮ. ਥੈਰੇਸਾ ਮੇਅ ਦੇ ਗ੍ਰਹਿ ਮੰਤਰੀ ਰਹਿਣ ਦੌਰਾਨ 2012 'ਚ ਪੜ੍ਹਾਈ ਮਗਰੋਂ ਦੋ ਸਾਲ ਦੀ ਵਰਕ ਵੀਜ਼ਾ ਪੇਸ਼ਕਸ਼ ਨੂੰ ਖਤਮ ਕੀਤਾ ਸੀ ਜਿਸ ਦੇ ਬਾਅਦ ਭਾਰਤ ਵਰਗੇ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਗਿਣਤੀ 'ਚ ਕਾਫੀ ਕਮੀ ਆਈ ਸੀ।