ਕੋਪ 26 ਸੰਮੇਲਨ ''ਚ ਭਾਰਤੀ ਵਿਦਿਆਰਥਣ ਨੇ ਕੀਤਾ ਸੰਬੋਧਿਤ, ਵਿਸ਼ਵ ਨੇਤਾਵਾਂ ਨੂੰ ਕੀਤੀ ਇਹ ਅਪੀਲ

Wednesday, Nov 03, 2021 - 06:22 PM (IST)

ਕੋਪ 26 ਸੰਮੇਲਨ ''ਚ ਭਾਰਤੀ ਵਿਦਿਆਰਥਣ ਨੇ ਕੀਤਾ ਸੰਬੋਧਿਤ, ਵਿਸ਼ਵ ਨੇਤਾਵਾਂ ਨੂੰ ਕੀਤੀ ਇਹ ਅਪੀਲ

ਗਲਾਸਗੋ (ਪੀ.ਟੀ.ਆਈ.): ਪ੍ਰਿੰਸ ਵਿਲੀਅਮ ਵੱਲੋਂ ਸ਼ੁਰੂ ਕੀਤੇ ਗਏ ਅਰਥਸ਼ਾਟ ਪੁਰਸਕਾਰ ਲਈ ਅੰਤਿਮ ਚੁਣੀਆਂ ਗਈਆਂ ਐਂਟਰੀਆਂ ਵਿੱਚੋ ਸ਼ਾਮਲ ਊਰਜਾ ਸੰਚਾਲਿਤ ਆਇਰਨਿੰਗ ਕਾਰਟ ਪ੍ਰਾਜੈਕਟ ਨੂੰ ਰੂਪ ਦੇਣ ਵਾਲੀ 15 ਸਾਲਾ ਭਾਰਤੀ ਵਿਦਿਆਰਥਣ ਨੇ ਸੀਓਪੀ26 ਕਾਨਫਰੰਸ ਵਿੱਚ ਵਿਸ਼ਵ ਨੇਤਾਵਾਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਭਾਰਤੀ ਵਿਦਿਆਰਥਣ ਨੇ ਵਿਸ਼ਵ ਨੇਤਾਵਾਂ ਨੂੰ ਧਰਤੀ ਨੂੰ ਬਚਾਉਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ। ਤਾਮਿਲਨਾਡੂ ਦੀ ਵਿਨੀਸ਼ਾ ਉਮਾਸ਼ੰਕਰ ਨੇ 'ਐਕਲੇਰੇਟਿੰਗ ਕਲੀਨ ਤਕਨਾਲੋਜੀ ਇਨੋਵੇਸ਼ਨ ਐਂਡ ਡਿਪਲਾਇਮੈਂਟ' ਵਿਸ਼ੇ 'ਤੇ ਇੱਕ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਾਮਲ ਹੋਏ। 

ਵਿਨੀਸ਼ਾ ਨੇ ਵਿਸ਼ਵ ਦੇ ਨੇਤਾਵਾਂ, ਅੰਤਰਰਾਸ਼ਟਰੀ ਸੰਗਠਨਾਂ, ਨਾਗਰਿਕ ਸਮਾਜ ਅਤੇ ਉਦਯੋਗਪਤੀਆਂ ਨੂੰ ਆਪਣੀ ਪੀੜ੍ਹੀ ਦੇ ਨਾਲ ਖੜ੍ਹੇ ਹੋਣ ਅਤੇ ਧਰਤੀ ਦੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰਨ ਵਾਲੇ ਪ੍ਰਾਜੈਕਟਾਂ, ਨਵੇਂ ਪ੍ਰਯੋਗਾਂ ਅਤੇ ਹੱਲਾਂ ਦਾ ਸਮਰਥਨ ਕਰਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਕਾਰਵਾਈ ਕਰਨ ਵਿੱਚ ਸਹਾਇਤਾ ਕਰਨ ਦਾ ਸੱਦਾ ਦਿੱਤਾ।ਉਸ ਨੇ ਕਿਹਾ,"ਅਸੀਂ, ਅਰਥਸ਼ਾਟ ਇਨਾਮ ਦੇ ਜੇਤੂ ਅਤੇ ਫਾਈਨਲਿਸਟ, ਇਸ ਗੱਲ ਦਾ ਸਬੂਤ ਹਾਂ ਕਿ ਸਾਡੇ ਗ੍ਰਹਿ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਚੁਣੌਤੀ ਹੀ ਸਭ ਤੋਂ ਵੱਡਾ ਮੌਕਾ ਹੈ। ਅਸੀਂ ਨਵੀਨਤਾ ਦੀ ਸਭ ਤੋਂ ਉੱਤਮ ਲਹਿਰ ਦੀ ਅਗਵਾਈ ਕਰ ਰਹੇ ਹਾਂ ਜੋ ਮਨੁੱਖਤਾ ਦਾ ਗਿਆਨ ਹੈ।” ਵਿਨੀਸ਼ਾ ਨੇ ਕਿਹਾ,“ਸਾਨੂੰ ਸ਼ਿਕਾਇਤ ਕਰਨ ਦੀ ਬਜਾਏ ਅਜਿਹਾ ਕਦਮ ਚੁੱਕਣਾ ਚਾਹੀਦਾ ਹੈ ਜੋ ਸਾਨੂੰ ਖੁਸ਼ਹਾਲ ਅਤੇ ਸਿਹਤਮੰਦ ਬਣਾਵੇ।” ਉਸ ਨੇ ਕਿਹਾ,''ਅਸੀਂ ਤੁਹਾਡੇ ਕਾਰਵਾਈ ਕਰਨ ਦਾ ਇੰਤਜ਼ਾਰ ਨਹੀਂ ਕਰਾਂਗੇ।ਤੁਸੀਂ ਇਹ ਕਰੋ ਜਾਂ ਨਾ ਕਰੋ, ਅਸੀਂ ਅੱਗੇ ਵਧਾਂਗੇ। ਤੁਸੀਂ ਭਾਵੇਂ ਅਤੀਤ ਨਾਲ ਜੁੜੇ ਰਹੋ ਪਰ ਅਸੀਂ ਭਵਿੱਖ ਦੀ ਸਿਰਜਣਾ ਕਰਾਂਗੇ। ਕਿਰਪਾ ਕਰਕੇ ਮੇਰੀ ਪਹਿਲਕਦਮੀ ਨੂੰ ਸਵੀਕਾਰ ਕਰੋ, ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਤੁਹਾਨੂੰ ਇਸ 'ਤੇ ਪਛਤਾਵਾ ਨਹੀਂ ਹੋਵੇਗਾ।'' 

ਪੜ੍ਹੋ ਇਹ ਅਹਿਮ ਖਬਰ- ਗਲਾਸਗੋ: ਕੋਪ 26 ਆਯੋਜਕਾਂ ਨੇ ਸੰਮੇਲਨ 'ਚ ਪਹੁੰਚੇ ਡੈਲੀਗੇਟਾਂ ਤੋਂ ਇਸ ਕਾਰਨ ਮੰਗੀ ਮੁਆਫੀ

ਉਸ ਨੇ ਹਰ ਰੋਜ਼ ਲੱਖਾਂ ਭਾਰਤੀਆਂ ਦੇ ਕੱਪੜਿਆਂ ਨੂੰ ਇਸਤਰੀ ਕਰਨ ਲਈ ਚਾਰਕੋਲ ਨਾਲ ਚੱਲਣ ਵਾਲੇ ਲੋਹੇ ਜਾਂ ਪ੍ਰੈਸ ਦੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਿਕਲਪ ਦੀ ਧਾਰਨਾ ਬਣਾਈ ਹੈ, ਜਿਸ ਨੂੰ 'ਕਲੀਨ ਅਵਰ ਏਅਰ' ਸ਼੍ਰੇਣੀ ਵਿਚ 10 ਲੱਖ ਪੌਂਡ ਦੇ ਅਰਥਸ਼ਾਟ ਇਨਾਮ ਦੀ ਆਖਰੀ ਸੂਚੀ ਵਿਚ ਜਗ੍ਹਾ ਮਿਲੀ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਸ਼੍ਰੇਣੀ ਦੇ ਭਾਰਤੀ ਜੇਤੂ ਵਿਦਯੁਤ ਮੋਹਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਮੋਹਨ ਨੇ ਕਿਹਾ,"ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਮਾਣ ਵਾਲੀ ਗੱਲ ਸੀ, ਜੋ ਮੇਰੇ ਪੁਰਸਕਾਰ ਜੇਤੂ ਖੇਤੀਬਾੜੀ ਰਹਿੰਦ-ਖੂੰਹਦ ਦੇ ਰੀਸਾਈਕਲਿੰਗ ਪ੍ਰਾਜੈਕਟ ਬਾਰੇ ਜਾਣਨ ਲਈ ਉਤਸੁਕ ਸਨ ਅਤੇ ਇਸ ਬਾਰੇ ਉਹਨਾਂ ਨੇ ਬਹੁਤ ਸਾਰੇ ਉਤਸ਼ਾਹਜਨਕ ਸ਼ਬਦ ਕਹੇ।" ਮੋਹਨ ਦੀ ਸੰਸਥਾ ਨੂੰ ਫਸਲਾਂ ਦੀ ਪਰਾਲੀ ਦੀ ਵਿਕਰੀ ਯੋਗ ਜੈਵ ਉਤਪਾਦ ਵਿਚ ਬਦਲਣ ਵਾਲੀ ਸਸਤੀ, ਆਸਾਨ ਤਕਨੀਕ ਬਣਾਉਣ ਲਈ ਪਿਛਲੇ ਮਹੀਨੇ ਸਨਮਾਨਿਤ ਕੀਤਾ ਗਿਆ ਸੀ। ਡਿਊਕ ਆਫ ਕੈਮਬ੍ਰਿਜ ਪ੍ਰਿੰਸ ਵਿਲੀਅਮ ਨੇ ਮੁਕਾਬਲੇ ਦੇ ਜੇਤੂਆਂ ਨਾਲ ਮੁਲਾਕਾਤ ਕੀਤੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News