ਮਨੁੱਖੀ ਤਸਕਰੀ ਦੇ ਦੋਸ਼ ''ਚ ਭਾਰਤੀ ਨੂੰ 5 ਸਾਲ ਦੀ ਸਜ਼ਾ

04/24/2019 1:07:43 PM

ਵਾਸ਼ਿੰਗਟਨ — ਅਮਰੀਕਾ 'ਚ 61 ਸਾਲ ਦੇ ਇਕ ਭਾਰਤੀ ਨੂੰ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨਾਗਰਿਕਾਂ 'ਚ ਭਾਰਤ ਦੇ ਨਾਗਰਿਕ ਵੀ ਸ਼ਾਮਲ ਹਨ। ਜਸਟਿਸ ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ ਯਾਦਵਿੰਦਰ ਸਿੰਘ ਸੰਧੂ ਨੇ ਇਸ ਸਾਲ ਆਪਣਾ ਦੋਸ਼ ਸਵੀਕਾਰ ਕਰਦੇ ਹੋਏ ਕਿਹਾ ਕਿ ਉਸਨੇ 2013 ਤੋਂ 2015 ਦੇ ਵਿਚਕਾਰ ਖੁਦ ਕਰੀਬ 400 ਵਿਦੇਸ਼ੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਉਣ 'ਚ ਸਹਾਇਤਾ ਕੀਤੀ ਸੀ। ਉਸਨੇ ਕਿਹਾ ਕਿ ਮਨੁੱਖੀ ਤਸਕਰੀ ਦੌਰਾਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਲੋਕਾਂ ਦੀ ਜਾਨ ਖਤਰੇ ਵਿਚ ਵੀ ਪਈ। ਸੰਧੂ ਇਸ ਕੰਮ ਲਈ ਯਾਦਵਿੰਦਰ ਸਿੰਘ ਭਾਮਬਾ, ਭੁਪਿੰਦਰ ਕੁਮਾਰ, ਰਾਜਿੰਦਰ ਸਿੰਘ, ਰਾਬਰਟ ਹਾਰਵਰਡ ਸਕਾਟ ਅਤੇ ਏਟਕਿਨਸ ਲਾਰਸਨ ਹਾਵਰਡ ਆਦਿ ਕਈ ਲੋਕਾਂ ਦੇ ਨਾਂ ਦੱਸੇ ਹਨ। ਸੰਧੂ ਨੇ ਸਵੀਕਾਰ ਕੀਤਾ ਕਿ 2013 ਤੋਂ ਡੋਮਿਨਿਕਨ ਰਿਪਬਲਿਕ, ਹੈਤੀ, ਪਿਊਰਟੋ ਰਿਕੋ, ਭਾਰਤ ਅਤੇ ਹੋਰ ਸਥਾਨਾਂ ਤੋਂ ਮਨੁੱਖੀ ਤਸਕਰੀ ਦੀ ਸਾਜਿਸ਼ ਘੜਣ 'ਚ ਇਨ੍ਹਾਂ ਦੀ ਮੁੱਖ ਭੂਮਿਕਾ ਸੀ। ਉਸਨੇ ਕੈਰਿਬਿਆਈ ਖੇਤਰ ਤੋਂ ਬਾਹਰ ਕੰਮ ਕਰਨ ਵਾਲੇ ਸਹਿ-ਸਾਜਿਸ਼ਕਾਰਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ। ਲੋਕਾਂ ਨੇ ਭਾਰਤ ਤੋਂ ਅਮਰੀਕਾ ਲੈ ਜਾਣ ਲਈ 30,000 ਤੋਂ 85,000 ਡਾਲਰ ਤੱਕ ਦਾ ਭੁਗਤਾਨ ਕੀਤਾ ਸੀ। ਫੈਡਰਲ ਪਰੌਸੀਕਿਊਟਰਾਂ ਨੇ ਦੋਸ਼ ਲਗਾਇਆ ਕਿ 2013 ਤੋਂ 2016 ਤੱਕ ਮਨੁੱਖੀ ਤਸਕਰੀ ਕਾਰਨ ਹੋ ਰਹੀ ਕਮਾਈ ਹੀ ਦੋਸ਼ੀਆਂ ਦੀ ਆਮਦਨ ਦਾ ਮੁੱਖ ਸਰੋਤ ਸੀ।


Related News