ਸੈਲਫੀਆਂ ਕਾਰਨ ਫਸਿਆ ਭਾਰਤੀ ਮੂਲ ਦਾ ਵਿਅਕਤੀ, ਲੱਗਾ 10 ਹਜ਼ਾਰ ਪੌਂਡ ਦਾ ਜ਼ੁਰਮਾਨਾ

Wednesday, Jun 13, 2018 - 03:27 PM (IST)

ਲੰਡਨ, (ਰਾਜਵੀਰ ਸਮਰਾ)— ਭਾਰਤੀ ਮੂਲ ਦੇ ਵਿਅਕਤੀ ਜੈਦੀਪ ਸਿੰਘ ਨੂੰ ਇੰਗਲੈਂਡ ਦੀ ਅਦਾਲਤ ਨੇ 10 ਹਜ਼ਾਰ ਪੌਂਡ ਦਾ ਜ਼ੁਰਮਾਨਾ ਲਗਾਇਆ ਹੈ। ਉਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਟਰੈਵਲ ਕੰਪਨੀ ਨੂੰ ਇਸ ਦੀ ਅਦਾਇਗੀ ਕਰੇ। ਦੋਸ਼ ਹੈ ਕਿ ਉਸ ਨੇ ਟਰੈਵਲ ਕੰਪਨੀ ਤੋਂ ਬੀਮਾਰੀ ਦਾ ਬਹਾਨਾ ਬਣਾ ਕੇ ਹਰਜਾਨਾ ਲਗਾਇਆ ਸੀ ਪਰ ਜਾਂਚ ਮਗਰੋਂ ਪਾਇਆ ਗਿਆ ਕਿ ਉਸ ਦੀ ਸਿਹਤ ਖਰਾਬ ਨਹੀਂ ਹੋਈ ਸੀ ਕਿਉਂਕਿ ਉਹ ਸੈਲਫੀਆਂ ਖਿੱਚ ਕੇ ਲਗਾਤਾਰ ਪੋਸਟ ਕਰਦਾ ਰਿਹਾ। ਉਸ ਦੀਆਂ ਸੈਲਫੀਆਂ ਕਾਰਨ ਉਸ ਨੂੰ 10 ਹਜ਼ਾਰ ਪੌਂਡ ਦਾ ਜ਼ੁਰਮਾਨਾ ਲੱਗਾ ਹੈ। 
ਤੁਹਾਨੂੰ ਦੱਸ ਦਈਏ ਕਿ  ਨਵੰਬਰ, 2015 ਵਿਚ 34 ਸਾਲਾ ਜੈਦੀਪ ਸਿੰਘ 12 ਮਹਿਮਾਨਾਂ ਨਾਲ ਮੈਕਸੀਕੋ ਦੇ ਬੀਚ ਪੈਲੇਸ ਵਿਖੇ ਛੁੱਟੀਆਂ ਮਨਾਉਣ ਗਿਆ ਸੀ । ਖ਼ਬਰਾਂ ਅਨੁਸਾਰ ਜੈਦੀਪ ਆਪਣੇ ਸਾਥੀਆਂ ਨਾਲ ਇਕ ਵਿਆਹ ਵਿਚ ਸ਼ਾਮਿਲ ਹੋਣ ਗਿਆ ਸੀ । ਉਸ ਨੇ ਦਾਅਵਾ ਕੀਤਾ ਕਿ ਛੁੱਟੀਆਂ ਦੌਰਾਨ ਉਸ ਨੂੰ ਮਿਲੇ ਖਾਣੇ ਕਾਰਨ ਉਹ ਅਤੇ ਉਸ ਦੇ 12 ਸਾਥੀ ਬੀਮਾਰ ਹੋ ਗਏ ਸਨ ਪਰ ਕੰਪਨੀ 'ਤੇ ਦਾਅਵਾ ਉਸ ਨੇ ਇਕੱਲੇ ਹੀ ਕੀਤਾ ਸੀ, ਜਦਕਿ ਦੂਜੇ ਪਾਸੇ ਉਹ ਆਨਲਾਈਨ ਸੈਲਫ਼ੀਆਂ ਖਿੱਚ ਕੇ ਪਾਉਂਦਾ ਰਿਹਾ। 
ਮਾਨਚੈਸਟਰ ਕਾਊਂਟੀ ਕੋਰਟ ਦੇ ਜੱਜ ਨੇ ਜੈਦੀਪ ਸਿੰਘ ਦੀ ਬੀਮਾਰੀ ਦੀ ਗੱਲ ਨੂੰ ਗ਼ਲਤ ਮੰਨਦਿਆਂ ਟਰੈਵਲ ਕੰਪਨੀ  ਟੀ.ਯੂ.ਆਈ. ਨੂੰ 10 ਹਜ਼ਾਰ ਪੌਂਡ ਅਦਾ ਕਰਨ ਦੇ ਹੁਕਮ ਦਿੱਤੇ ਹਨ। ਟੀ.ਯੂ.ਆਈ. ਦੇ ਡਾਇਰੈਕਟਰ ਐਂਡਰਿਊ ਫਿਲਨਥੈਮ ਨੇ ਕਿਹਾ ਹੈ ਕਿ ਅਸੀਂ ਆਪਣੇ ਕਾਰੋਬਾਰ ਅਤੇ ਸਹਿਯੋਗੀ ਹੋਟਲਾਂ ਨੂੰ ਬਚਾਉਣ ਲਈ ਲਗਾਤਾਰ ਯਤਨ ਕਰ ਰਹੇ ਹਾਂ । ਜ਼ਿਕਰਯੋਗ ਹੈ ਕਿ ਛੁੱਟੀਆਂ ਮਨਾਉਣ ਜਾਣ ਵਾਲੇ ਕਈ ਲੋਕਾਂ ਨਾਲ ਕੀਤੇ ਜਾਣ ਵਾਲੇ ਅਜਿਹੇ ਦਾਅਵਿਆਂ ਕਾਰਨ ਟਰੈਵਲ ਇੰਡਸਟਰੀ ਨੂੰ 240 ਮਿਲੀਅਨ ਪੌਂਡ ਤੱਕ ਦਾ ਚੂਨਾ ਲੱਗਦਾ ਹੈ ।


Related News