ਭਾਰਤੀ ਦਰੱਖਤ ਦੇ ਬੀਜ ਪਾਣੀ ਨੂੰ ਕਰ ਸਕਦੇ ਨੇ ਸ਼ੁੱਧ : ਅਧਿਐਨ

06/18/2018 2:12:52 PM

ਵਾਸ਼ਿੰਗਟਨ— ਸਹਿਜਨ, ਮੁਨਗਾ ਅਤੇ ਡ੍ਰਮਸਟਿਕ ਨਾਂ ਨਾਲ ਜਾਣੇ ਜਾਂਦੇ ਦਰੱਖਤ ਦਾ ਇਕ ਹੋਰ ਇਸਤੇਮਾਲ ਵਿਗਿਆਨੀਆਂ ਨੇ ਲੱਭ ਲਿਆ ਹੈ। ਇਕ ਨਵੇਂ ਅਧਿਐਨ 'ਚ ਪਤਾ ਲੱਗਾ ਹੈ ਕਿ ਸਹਿਜਨ ਦੇ ਬੀਜ ਪਾਣੀ ਨੂੰ ਸ਼ੁੱਧ ਕਰਨ 'ਚ ਸਹਾਇਕ ਹੋ ਸਕਦੇ ਹਨ ਅਤੇ ਇਸ ਨਾਲ ਵਿਕਾਸਸ਼ੀਲ ਦੇਸ਼ਾਂ 'ਚ ਬਹੁਤ ਘੱਟ ਕੀਮਤ 'ਤੇ ਲੱਖਾਂ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਸਹਿਜਨ ਦੀ ਵਰਤੋਂ ਸਬਜ਼ੀਆਂ ਅਤੇ ਕੁਦਰਤੀ ਤੇਲ ਲਈ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਦੀ ਵਰਤੋਂ ਪਾਣੀ ਸ਼ੁੱਧ ਕਰਨ ਦੇ ਦੇਸੀ ਤਰੀਕੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਹਾਲਾਂਕਿ ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਿਧੀ ਵਧੇਰੇ ਕਾਰਗਰ ਨਹੀਂ ਹੈ। 
ਅਮਰੀਕਾ ਦੇ ਕਾਰਨੇਗੀ ਮੇਲੇਨ ਯੂਨੀਵਰਸਿਟੀ ਦੇ ਅਧਿਐਨ ਮਾਹਿਰਾਂ ਨੇ ਸਹਿਜਨ ਨਾਲ ਪਾਣੀ ਸਾਫ ਕਰਨ ਲਈ ਸਸਤਾ ਅਤੇ ਪ੍ਰਭਾਵਸ਼ਾਲੀ ਤਰੀਕਾ ਤਿਆਰ ਕਰ ਲਿਆ ਹੈ। ਇਸ ਦਾ ਨਾਂ ਉਨ੍ਹਾਂ ਨੇ 'ਐੱਫ ਸੈਂਡ' ਰੱਖਿਆ ਹੈ। ਮਾਹਿਰਾਂ ਨੇ ਸਹਿਜਨ ਤੋਂ ਸੀਡ ਪ੍ਰੋਟੀਨ ਵੱਖ ਕੀਤੇ ਅਤੇ ਰੇਤ ਦੇ ਮੁੱਖ ਤੱਤ ਸਿਲਿਕਾ ਪਾਰਟੀਕਲਸ ਨਾਲ ਮਿਲਾ ਕੇ 'ਐੱਫ ਸੈਂਡ' 'ਤੇ ਰੱਖਿਆ। ਉਨ੍ਹਾਂ ਨੇ ਪਾਇਆ ਕਿ ਇਸ ਨੇ ਪਾਣੀ 'ਚ ਮੌਜੂਦ ਸੂਖਮ ਜੀਵਾਂ ਨੂੰ ਨਸ਼ਟ ਕਰ ਦਿੱਤਾ, ਇਸ ਦੇ ਨਾਲ ਹੀ ਅਸ਼ੁੱਧੀਆਂ ਨੂੰ ਵੀ ਘਟਾ ਦਿੱਤਾ। ਇਨ੍ਹਾਂ ਅਸ਼ੁੱਧੀਆਂ ਨੂੰ ਵੀ ਬਾਅਦ 'ਚ ਦੂਰ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਬੇਹੱਦ ਸਰਲ ਤਰੀਕੇ ਨਾਲ ਸ਼ੁੱਧ ਪਾਣੀ ਉਪਲਬਧ ਹੋਇਆ। ਸੰਯੁਕਤ ਰਾਸ਼ਟਰ ਮੁਤਾਬਕ 2.1 ਅਰਬ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਨਹੀਂ ਮਿਲਦਾ। ਇਨ੍ਹਾਂ 'ਚ ਵਧੇਰੇ ਲੋਕ ਵਿਕਾਸਸ਼ੀਲ ਦੇਸ਼ਾਂ 'ਚ ਰਹਿੰਦੇ ਹਨ।


Related News