ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਮੂਲ ਦੀ ਔਰਤ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

Wednesday, Jan 29, 2025 - 12:09 PM (IST)

ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਮੂਲ ਦੀ ਔਰਤ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਜਾਰਜੀਆ ਤੋਂ ਬੀਤੇ ਦਿਨ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ। ਜਿਸ ਵਿੱਚ ਇੱਕ ਗੁਜਰਾਤੀ ਔਰਤ ਨੇ ਕਥਿਤ ਤੌਰ ‘ਤੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਆਪਣੀ ਜੀਵਨ ਲੀਲਾ ਵੀ ਖ਼ਤਮ ਕਰ ਲਈ। ਇਹ ਮਾਮਲਾ ਜਾਰਜੀਆ ਸੂਬੇ ਦੇ ਵਾਰਨਰ ਰੌਬਿਨਸ ਸ਼ਹਿਰ ਦਾ ਹੈ ਜਿੱਥੇ ਮ੍ਰਿਤਕ ਔਰਤ ਦੀ ਉਮਰ 38 ਸਾਲ ਦੇ ਕਰੀਬ ਸੀ ਜਦੋਂਕਿ ਉਸਦੇ ਦੋ ਬੱਚਿਆਂ ਵਿੱਚ ਇੱਕ 13 ਸਾਲ ਦਾ ਲੜਕੀ ਅਤੇ ਇੱਕ 9 ਸਾਲ ਦਾ ਬੇਟਾ ਸੀ। ਅਮਰੀਕੀ ਪੁਲਸ ਨੇ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ। ਪੁਲਸ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਮ੍ਰਿਤਕ ਔਰਤ ਦਾ 43 ਸਾਲਾ ਪਤੀ 20 ਜਨਵਰੀ ਨੂੰ ਸ਼ਾਮ 4 ਵਜੇ ਘਰ ਪਹੁੰਚਿਆ ਅਤੇ ਜਦੋਂ ਉਸ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਤਾਂ ਉਸ ਨੇ 911 'ਤੇ ਪੁਲਸ ਨੂੰ ਕਾਲ ਕੀਤੀ। 

ਜਦੋਂ ਤੱਕ ਪੁਲਸ ਫੋਨ ਕਰਨ ਵਾਲੇ ਦੇ ਟਿਕਾਣੇ 'ਤੇ ਪਹੁੰਚੀ, ਉਦੋਂ ਤੱਕ ਘਰ 'ਚ ਮੌਜੂਦ ਇੱਕ ਔਰਤ ਅਤੇ ਦੋ ਬੱਚੇ ਮ੍ਰਿਤਕ ਪਾਏ ਗਏ ਸਨ। ਅਤੇ ਕਾਲਰ ਘਰ ਦੇ ਬਾਹਰ ਖੜ੍ਹਾ ਉੱਚੀ-ਉੱਚੀ ਰੋ ਰਿਹਾ ਸੀ। ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਮ੍ਰਿਤਕ ਔਰਤ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਦੋਵਾਂ ਬੱਚਿਆਂ ਦਾ ਕਤਲ ਕਰ ਦਿੱਤਾ ਹੋ ਸਕਦਾ ਹੈ। ਇਹ ਭਾਰਤੀ-ਗੁਜਰਾਤੀ ਪਰਿਵਾਰ ਇੱਕ ਆਲੀਸ਼ਾਨ ਘਰ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਬਹੁਤ ਚੰਗੀ ਸੀ। ਇਸ ਲਈ ਇਸ ਪਰਿਵਾਰ ਦੀ ਔਰਤ ਨੇ ਇਹ ਕਦਮ ਕਿਉਂ ਚੁੱਕਿਆ? ਇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਇਸ ਬਾਰੇ ਵੱਖ-ਵੱਖ ਗੱਲਾਂ ਕਹੀਆਂ ਜਾ ਰਹੀਆਂ ਹਨ। ਹਾਲਾਂਕਿ ਪੁਲਸ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।

ਪੜ੍ਹੋ ਇਹ ਅਹਿਮ ਖ਼ਬਰ- India ਦਾ Canada ਨੂੰ ਕਰਾਰਾ ਜਵਾਬ, ਚੋਣਾਂ 'ਚ ਦਖਲਅੰਦਾਜ਼ੀ ਦੇ ਦੋਸ਼ ਕੀਤੇ ਖਾਰਿਜ

ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਇੱਕ ਸੰਦੇਸ਼ ਅਮਰੀਕਾ ਵਿੱਚ ਰਹਿੰਦੇ ਗੁਜਰਾਤੀਆਂ ਦੇ ਵਟਸਐਪ ਗਰੁੱਪ 'ਤੇ ਵੀ ਘੁੰਮ ਰਿਹਾ ਹੈ ਪਰ ਪੁਲਸ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਹੈ। ਕੁਝ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦਾ ਪਰਿਵਾਰ ਵੈਸਟ ਮੈਕੋਨ ਵਿੱਚ ਉਮਿਆਮਾਤਾਜੀ ਹਿੰਦੂ ਮੰਦਰ ਨਾਲ ਵੀ ਜੁੜਿਆ ਹੋਇਆ ਸੀ ਅਤੇ ਵਾਰਨਰ ਰੌਬਿਨਸ ਵਿੱਚ ਦੋ ਕਾਰੋਬਾਰ ਵੀ ਚਲਾਉਂਦਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੁਜਰਾਤੀ ਪਰਿਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਲੋਕ ਬਹੁਤ ਚੰਗੇ ਇਨਸਾਨ ਸਨ ਅਤੇ ਆਪਣੇ ਬੱਚਿਆਂ ਦੀ ਵੀ ਚੰਗੀ ਦੇਖਭਾਲ ਕਰਦੇ ਸਨ। ਸਥਾਨਕ ਪੁਲਸ ਨੇ ਵੀ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਇਸ ਘਟਨਾ ਲਈ ਕੋਈ ਪਰਿਵਾਰਕ ਝਗੜਾ ਜਾਂ ਕੋਈ ਹੋਰ ਕਾਰਨ ਜ਼ਿੰਮੇਵਾਰ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਪਰਿਵਾਰ ਸਾਲਾਂ ਤੋਂ ਅਮਰੀਕਾ ਵਿੱਚ ਸੈਟਲ ਸੀ। ਅਤੇ ਮ੍ਰਿਤਕ ਔਰਤ ਦੀ ਸੱਸ ਇਸ ਸਮੇਂ ਫਲੋਰੀਡਾ ਵਿੱਚ ਰਹਿ ਰਹੀ ਹੈ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਵੀ ਅਮਰੀਕਾ ਵਿੱਚ ਹੀ ਪੈਦਾ ਹੋਏ ਹਨ। ਪਰਿਵਾਰ ਦੱਖਣੀ ਗੁਜਰਾਤ ਦਾ ਦੱਸਿਆ ਜਾਂਦਾ ਹੈ ਪਰ ਘਟਨਾ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਮਰੀਕਾ ਵਿੱਚ ਰਹਿੰਦੇ ਜ਼ਿਆਦਾਤਰ ਗੁਜਰਾਤੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿਉਂਕਿ ਪੁਲਸ ਨੇ ਅਜੇ ਤੱਕ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News