ਪੰਜਾਬੀ ਪਰਿਵਾਰ ਦੇ ਕਤਲ ਮਗਰੋਂ ਹੁਣ ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਉਤਾਰਿਆ ਮੌਤ ਦੇ ਘਾਟ
Thursday, Oct 06, 2022 - 12:06 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿੱਚ ਇਕ 20 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਕੀਤੇ ਜਾਣ ਅਤੇ ਉਸ ਦੇ ਨਾਲ ਰਹਿੰਦੇ ਕੋਰੀਆਈ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਇੰਡੀਆਨਾਪੋਲਿਸ ਨਿਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਸਿਰੇ 'ਤੇ ਸਥਿਤ ਮੈਕਚਿਓਨ ਹਾਲ 'ਚ ਮ੍ਰਿਤਕ ਪਾਇਆ ਗਿਆ।
ਇਹ ਵੀ ਪੜ੍ਹੋ: ਪ੍ਰਦਰਸ਼ਨਾਂ 'ਚ ਘਿਰਿਆ ਈਰਾਨ, ਆਸਕਰ ਜੇਤੂ ਅਨੋਖੇ ਢੰਗ ਨਾਲ ਕਰ ਰਹੇ ਹਿਜਾਬ ਦਾ ਵਿਰੋਧ
NBC ਨਿਊਜ਼ ਨੇ ਪਰਡਿਊ ਯੂਨੀਵਰਸਿਟੀ ਦੇ ਪੁਲਸ ਮੁਖੀ ਲੈਸਲੇ ਵੀਟੇ ਦੇ ਹਵਾਲੇ ਨਾਲ ਕਿਹਾ ਕਿ ਬੁੱਧਵਾਰ ਨੂੰ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਵੀਟੇ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਸਾਈਬਰ ਸੁਰੱਖਿਆ ਵਿਸ਼ੇ ਦੀ ਪੜ੍ਹਾਈ ਕਰ ਰਹੇ ਕੋਰੀਆਈ ਵਿਦਿਆਰਥੀ ਜੀ ਮਿਨ 'ਜਿੰਮੀ' ਸ਼ਾ ਨੇ ਮੰਗਲਵਾਰ ਦੇਰ ਰਾਤ 12.45 'ਤੇ 911 ਸੇਵਾ 'ਤੇ ਕਾਲ ਕੀਤੀ ਅਤੇ ਪੁਲਸ ਨੂੰ ਵਰੁਣ ਦੀ ਮੌਤ ਦੀ ਸੂਚਨਾ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਕਾਲ ਬਾਰੇ ਵਾਧੂ ਵੇਰਵੇ ਨਹੀਂ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੈਕਚਿਓਨ ਹਾਲ ਦੀ ਪਹਿਲੀ ਮੰਜ਼ਿਲ 'ਤੇ ਇਕ ਕਮਰੇ 'ਚ ਵਾਪਰੀ। ਵਰੁਣ ਪਰਡਿਊ ਯੂਨੀਵਰਸਿਟੀ 'ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਮੁਢਲੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਵਰੁਣ ਦੀ ਮੌਤ "ਕਈ ਘਾਤਕ ਸੱਟਾਂ" ਕਾਰਨ ਹੋਈ ਹੈ ਅਤੇ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਫੌਕਸ ਨਿਊਜ਼ ਦੇ ਅਨੁਸਾਰ ਪੁਲਸ ਮੁਖੀ ਵੀਟੇ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਮਲਾ "ਬਿਨਾਂ ਕਾਰਨ" ਕੀਤਾ ਗਿਆ।
ਇਹ ਵੀ ਪੜ੍ਹੋ: ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ, ਇੱਕ ਮਿੰਟ 'ਚ ਸਭ ਤੋਂ ਵੱਧ ਬਾਡੀਵੇਟ ਸਕੁਐਟਸ ਕੀਤੇ
ਅਰੁਣ ਦੇ ਬਚਪਨ ਦੇ ਦੋਸਤ ਅਰੁਣਾਭ ਸਿਨਹਾ ਨੇ 'ਐੱਨਬੀਸੀ ਨਿਊਜ਼' ਨੂੰ ਦੱਸਿਆ ਕਿ ਵਰੁਣ ਮੰਗਲਵਾਰ ਰਾਤ ਨੂੰ ਆਪਣੇ ਦੋਸਤਾਂ ਨਾਲ ਆਨਲਾਈਨ ਗੱਲਬਾਤ ਕਰ ਰਿਹਾ ਸੀ ਅਤੇ ਗੇਮ ਖੇਡ ਰਿਹਾ ਸੀ, ਜਦੋਂ ਉਨ੍ਹਾਂ ਨੇ ਕਾਲ 'ਤੇ ਅਚਾਨਕ ਚੀਕਣ ਦੀ ਆਵਾਜ਼ ਸੁਣੀ। ਅਰੁਣਾਭ ਨੇ ਦੱਸਿਆ ਕਿ ਉਸ ਰਾਤ ਉਹ ਦੋਸਤਾਂ ਨਾਲ ਨਹੀਂ ਖੇਡ ਰਿਹਾ ਸੀ ਪਰ ਬਾਕੀ ਦੋਸਤਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਹਮਲੇ ਦੀ ਆਵਾਜ਼ ਸੁਣੀ ਪਰ ਸਮਝ ਨਹੀਂ ਸਕੇ ਕਿ ਉੱਥੇ ਕੀ ਹੋਇਆ ਅਤੇ ਬੁੱਧਵਾਰ ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਨੂੰ ਵਰੁਣ ਦੀ ਮੌਤ ਦੀ ਖ਼ਬਰ ਮਿਲੀ। ਵੀਟੇ ਨੇ ਕਿਹਾ ਕਿ 911 ਸੇਵਾ 'ਤੇ ਕਾਲ ਕਰਨ ਦੇ ਕੁਝ ਮਿੰਟਾਂ ਬਾਅਦ ਹੀ 22 ਸਾਲਾ ਸ਼ਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਹੋਰ ਪੁੱਛਗਿੱਛ ਲਈ ਪੁਲਸ ਸਟੇਸ਼ਨ ਲਿਜਾਇਆ ਗਿਆ। ਵਰੁਣ ਦਾ ਕਤਲ ਪਰਡਿਊ ਯੂਨੀਵਰਸਿਟੀ ਦੇ ਕੈਂਪਸ ਵਿੱਚ ਬੀਤੇ ਅੱਠ ਸਾਲਾਂ ਤੋਂ ਵੱਧ ਸਮੇਂ ਵਿੱਚ ਹੋਇਆ ਪਹਿਲਾ ਕਤਲ ਹੈ। ਯੂਨੀਵਰਸਿਟੀ ਦੇ ਪ੍ਰਧਾਨ ਮਿਚ ਡੇਨੀਅਲਸ ਨੇ ਕਿਹਾ ਕਿ ਵਰੁਣ ਦੀ ਮੌਤ ਯੂਨੀਵਰਸਿਟੀ ਕੈਂਪਸ ਵਿੱਚ ਵਾਪਰੀ ਇੱਕ ਬਹੁਤ ਹੀ ਦੁਖ਼ਦਾਈ ਘਟਨਾ ਹੈ, ਜਿਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਹਾਂ।”