ਸਿੰਗਾਪੁਰ ''ਚ ਭਾਰਤੀ ਮੂਲ ਦੇ ਪ੍ਰੋਜੈਕਟ ਮੈਨੇਜਰ ਨੂੰ ਰਿਸ਼ਵਤ ਦੇਣ ਦੇ ਦੋਸ਼ ''ਚ ਹੋਈ ਜੇਲ੍ਹ
Monday, Feb 14, 2022 - 05:31 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਇਕ ਭਾਰਤੀ ਮੂਲ ਦੇ ਪ੍ਰੋਜੈਕਟ ਮੈਨੇਜਰ ਨੂੰ ਸੋਮਵਾਰ ਨੂੰ ਇਕ ਸਰਕਾਰੀ ਏਜੰਸੀ ਵਿਚ ਇਕ ਸਹਾਇਕ ਇੰਜੀਨੀਅਰ ਨੂੰ 33,513 ਅਮਰੀਕੀ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ ਵਿਚ 7 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 'ਚੈਨਲ ਨਿਊਜ਼ ਏਸ਼ੀਆ' ਦੀ ਰਿਪੋਰਟ ਅਨੁਸਾਰ, 52 ਸਾਲਾ ਗਣੇਸ਼ਨ ਸੁਪੀਆਹ ਨੇ ਪਬਲਿਕ ਯੂਟਿਲਿਟੀ ਬੋਰਡ (PUB) ਦੇ ਸਹਾਇਕ ਇੰਜੀਨੀਅਰ ਜਮਾਲੁੱਦੀਨ ਮੁਹੰਮਦ ਨੂੰ ਰਿਸ਼ਵਤ ਦੇਣ ਦਾ ਇਕ ਦੋਸ਼ ਅਤੇ ਜਮਾਲੁੱਦੀਨ ਨੂੰ ਜਾਅਲੀ ਬਿੱਲ ਬਣਾਉਣ ਲਈ ਉਕਸਾਉਣ ਦਾ ਇਕ ਹੋਰ ਦੋਸ਼ ਸਵੀਕਾਰ ਕਰ ਲਿਆ ਹੈ।
ਅਦਾਲਤ ਨੂੰ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜਦੋਂ ਇਹ ਅਪਰਾਧ ਕੀਤੇ ਗਏ, ਉਸ ਸਮੇਂ ਗਣੇਸ਼ਨ ਪਾਈਪ ਵਰਕਸ ਅਤੇ ਕ੍ਰਿਸਕੋ ਸਿੰਗਾਪੁਰ ਕੰਸਟ੍ਰਕਸ਼ਨ ਦੋਵਾਂ ਦਾ ਪ੍ਰੋਜੈਕਟ ਮੈਨੇਜਰ ਸੀ। ਚੈਨਲ ਦੀ ਰਿਪੋਰਟ ਮੁਤਾਬਕ, ਗਣੇਸ਼ਨ ਨੇ ਨਵੰਬਰ 2017 ਤੋਂ ਅਗਸਤ 2018 ਦਰਮਿਆਨ ਜਮਾਲੁੱਦੀਨ ਨੂੰ 45,169 ਸਿੰਗਾਪੁਰ ਡਾਲਰ (33,513 ਅਮਰੀਕੀ ਡਾਲਰ) ਦਿੱਤੇ, ਤਾਂ ਜੋ ਉਸ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਗਣੇਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਅਪਰਾਧ ਵਿਚ ਵਰਤੇ ਗਏ ਫਰਜ਼ੀ ਬਿੱਲ ਬਾਰੇ ਜਾਣਕਾਰੀ ਨਹੀਂ ਸੀ। ਕਰੱਪਟ ਪ੍ਰੈਕਟਿਸ ਇਨਵੈਸਟੀਗੇਸ਼ਨ ਬਿਊਰੋ (ਸੀ.ਪੀ.ਆਈ.ਬੀ.) ਨੇ ਸੁਣਵਾਈ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਜਮਾਲੁੱਦੀਨ ਨੇ ਜੁਲਾਈ 2019 'ਚ ਵੀ PUB ਟੈਂਡਰ ਲਈ ਬੋਲੀ ਦੇਣ ਵਾਲੀ ਕੰਪਨੀ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਕੰਪਨੀ ਨੇ ਜਮਾਲੁੱਦੀਨ ਦੀ ਬੇਨਤੀ ਨੂੰ ਠੁਕਰਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਗਣੇਸ਼ਨ ਨਾਲ ਹੱਥ ਮਿਲਾਇਆ ਅਤੇ ਉਸ ਤੋਂ ਜਾਅਲੀ ਬਿੱਲਾਂ ਰਾਹੀਂ ਪੈਸੇ ਲੈਣ ਦੇ ਮਕਸਦ ਨਾਲ ਇਕ ਕੰਪਨੀ ਬਣਾਈ।