ਸਿੰਗਾਪੁਰ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਕੁੱਟਮਾਰ ਦੇ ਦੋਸ਼ ''ਚ ਹੋਈ 10 ਹਫ਼ਤਿਆਂ ਦੀ ਜੇਲ੍ਹ
Friday, Jun 17, 2022 - 01:40 PM (IST)
ਸਿੰਗਾਪੁਰ (ਏਜੰਸੀ)- ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੂੰ ਇਕ ਕਾਰ ਚਾਲਕ ਨਾਲ ਕੁੱਟਮਾਰ ਕਰਨ ਅਤੇ ਜ਼ਖ਼ਮੀ ਕਰਨ ਦੇ ਦੋਸ਼ ਵਿੱਚ 10 ਹਫ਼ਤਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਮੀਡੀਆ ਦੀ ਇਕ ਖ਼ਬਰ 'ਚ ਦਿੱਤੀ ਗਈ। ਖ਼ਬਰ ਅਨੁਸਾਰ, ਟਿਮੋਥੀ ਥਿਰਨਰਾਜ ਸ਼ਿਵਰਾਜ ਨੇ ਜਿਸ ਵਿਅਕਤੀ ਦੇ ਹਮਲਾ ਕੀਤਾ ਸੀ, ਉਨ੍ਹਾਂ ਨੂੰ 'ਟੇਲਬੋਨ ਫਰੈਕਚਰ' ਹੋ ਗਿਆ ਸੀ ਅਤੇ ਉਨ੍ਹਾਂ ਦੇ ਚਿਹਰੇ ਅਤੇ ਛੋਟੀ ਉਂਗਲੀ 'ਤੇ ਸੱਟਾਂ ਲੱਗੀਆਂ ਸਨ।
ਸਮਾਚਾਰ ਪੱਤਰ 'ਟੁਡੇ' ਦੀ ਖ਼ਬਰ ਮੁਤਾਬਕ ਸਿੰਗਾਪੁਰ ਵਿੱਚ ਰਹਿਣ ਵਾਲੇ ਥਿਰਨਰਾਜ ਨੂੰ 41 ਸਾਲਾ 'ਗ੍ਰੈਬ' (ਕਾਰ ਸੇਵਾ) ਦੇ ਡਰਾਈਵਰ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਥਿਰਨਰਾਜ ਨੇ ਪਿਛਲੇ ਸਾਲ 20 ਜਨਵਰੀ ਨੂੰ 'ਗ੍ਰੈਬ' ਤੋਂ ਕਾਰ ਬੁੱਕ ਕੀਤੀ ਸੀ, ਡਰਾਈਵਰ ਨੇ ਕੁਝ ਮਿੰਟ ਤੱਕ ਉਸ ਦਾ 'ਪਿਕਅੱਪ ਪੁਆਇੰਟ' 'ਤੇ ਇੰਤਜ਼ਾਰ ਕੀਤਾ, ਪਰ ਉਹ ਨਹੀਂ ਆਇਆ। ਇਸ ਤੋਂ ਬਾਅਦ ਡਰਾਈਵਰ ਨੇ ਬੁਕਿੰਗ ਰੱਦ ਕਰ ਦਿੱਤੀ।
ਇਸ ਤੋਂ ਬਾਅਦ ਥਿਰਨਰਾਜ ਨੇ ਫਿਰ ਡਰਾਈਵਰ ਨੂੰ ਉਸ ਦੀ ਉਡੀਕ ਕਰਨ ਲਈ ਫੋਨ ਕੀਤਾ, ਪਰ ਡਰਾਈਵਰ ਨੇ ਦੱਸਿਆ ਕਿ ਉਸ ਨੇ ਬੁਕਿੰਗ ਰੱਦ ਕਰ ਦਿੱਤੀ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਫੋਨ 'ਤੇ ਬਹਿਸ ਹੋ ਗਈ। ਇਸ ਤੋਂ ਬਾਅਦ ਉਥੋਂ ਰਵਾਨਾ ਹੁੰਦੇ ਸਮੇਂ ਡਰਾਈਵਰ ਨੂੰ ਥਿਰਨਰਾਜ ਮਿਲਿਆ ਅਤੇ ਦੋਵਾਂ ਵਿਚਾਲੇ ਫਿਰ ਬਹਿਸ ਹੋ ਗਈ ਅਤੇ ਥਿਰਨਰਾਜ ਨੇ ਡਰਾਈਵਰ ਦੀ ਕੁੱਟਮਾਰ ਕੀਤੀ। ਕੁਝ ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਡਰਾਈਵਰ ਦੇ ਇਲਾਜ ਦਾ ਖ਼ਰਚਾ 190.39 ਸਿੰਗਾਪੁਰ ਡਾਲਰ ਸੀ। ਅਦਾਲਤ ਨੇ ਥਿਰਨਰਾਜ ਨੂੰ ਇਹ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।