ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਵਿਅਕਤੀ ’ਤੇ ਪੁਲਸ ਦਾ ਤਸ਼ੱਦਦ, ਧੌਣ ’ਤੇ ਗੋਡਾ ਰੱਖਣ ਨਾਲ ਕੋਮਾ ’ਚ ਗਿਆ
Wednesday, Jun 04, 2025 - 02:29 AM (IST)

ਕੈਨਬਰਾ - ਆਸਟ੍ਰੇਲੀਆ ’ਚ ਇਕ ਭਾਰਤੀ ਮੂਲ ਦਾ ਵਿਅਕਤੀ ਆਪਣੀ ਗ੍ਰਿਫਤਾਰੀ ਦੌਰਾਨ ਉਸ ਸਮੇਂ ਕੋਮਾ ’ਚ ਚਲਾ ਗਿਆ, ਜਦੋਂ ਪੁਲਸ ਅਧਿਕਾਰੀ ਨੇ ਉਸ ਨੂੰ ਕਾਬੂ ਕਰਨ ਲਈ ਉਸ ਦੀ ਧੌਣ ’ਤੇ ਆਪਣਾ ਗੋਡਾ ਰੱਖਿਆ। ਇਸ ਤੋਂ ਬਾਅਦ ਉਕਤ ਵਿਅਕਤੀ ਦੇ ਦਿਮਾਗ ’ਚ ਗੰਭੀਰ ਸੱਟ ਲੱਗ ਗਈ। ਨਤੀਜੇ ਵਜੋਂ ਉਹ ਕੋਮਾ ’ਚ ਚਲਾ ਗਿਆ। ਆਸਟ੍ਰੇਲੀਆ ਟੂਡੇ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ।
ਦੋਸ਼ ਹੈ ਕਿ ਆਸਟ੍ਰੇਲੀਆਈ ਪੁਲਸ ਨੇ ਜਾਣਬੁੱਝ ਕੇ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਧੌਣ ’ਤੇ ਆਪਣਾ ਗੋਡਾ ਰੱਖਿਆ। ਅਜਿਹੀ ਸਥਿਤੀ ’ਚ ਵਿਅਕਤੀ ਦਿਮਾਗ ’ਚ ਗੰਭੀਰ ਸੱਟ ਲੱਗਣ ਕਾਰਨ ਕੋਮਾ ’ਚ ਚਲਾ ਗਿਆ। ਇਹ ਘਟਨਾ ਅਮਰੀਕਾ ’ਚ ਹੋਏ ਜਾਰਜ ਫਲਾਇਡ ਦੇ ਕਤਲ ਦੀ ਯਾਦ ਦਿਵਾਉਂਦੀ ਹੈ, ਜਿਸ ਕਾਰਨ ਪੂਰੀ ਦੁਨੀਆ ’ਚ ਰੋਸ ਪੈਦਾ ਹੋਇਆ ਸੀ। ਆਸਟ੍ਰੇਲੀਆਈ ਪੁਲਸ ਦੀ ਲਾਪ੍ਰਵਾਹੀ ਕਾਰਨ ਕੋਮਾ ’ਚ ਗਿਆ ਭਾਰਤੀ ਮੂਲ ਦਾ ਵਿਅਕਤੀ 42 ਸਾਲਾ ਗੌਰਵ ਕੁੰਡੀ ਹੈ। ਉਹ ਦੋ ਬੱਚਿਆਂ ਦਾ ਪਿਤਾ ਹੈ।
ਅੰਮ੍ਰਿਤਪਾਲ ਨੇ ਕਿਹਾ ਕਿ ਵੀਰਵਾਰ ਸਵੇਰੇ ਦੋਵਾਂ ’ਚ ਪੂਰਬੀ ਐਡੀਲੇਡ ਦੇ ਇਕ ਖੇਤਰ ’ਚ ਜਨਤਕ ਤੌਰ ’ਤੇ ਬਹਿਸ ਹੋ ਰਹੀ ਸੀ। ਗੌਰਵ ਨਸ਼ੇ ’ਚ ਸੀ ਅਤੇ ਉਹ ਉੱਚੀ ਆਵਾਜ਼ ’ਚ ਬੋਲ ਰਿਹਾ ਸੀ, ਜਿਸ ਕਾਰਨ ਪੁਲਸ ਨੇ ਇਸ ਨੂੰ ਘਰੇਲੂ ਹਿੰਸਾ ਮੰਨਿਆ। ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦਾ ਪਤੀ ਹਿੰਸਕ ਨਹੀਂ ਸੀ, ਇਹ ਇਕ ਗਲਤਫਹਿਮੀ ਸੀ। ਇਸ ਦੌਰਾਨ ਇਕ ਪੁਲਸ ਗਸ਼ਤ ਯੂਨਿਟ ਉਥੋਂ ਲੰਘਿਆ ਅਤੇ ਗੌਰਵ ਨੂੰ ਹਿਰਾਸਤ ’ਚ ਲੈਣ ਦੀ ਕੋਸ਼ਿਸ਼ ਕਰਨ ਲੱਗਾ।