ਯਾਦਗਾਰੀ ਹੋ ਨਿਬੜਿਆ ਮੇਲਾ ਬੇਲਾਰਟ ਦਾ (ਤਸਵੀਰਾਂ)
Thursday, Jul 31, 2025 - 05:13 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ )-- ਮੈਲਬੌਰਨ ਦੇ ਦੱਖਣ ਪੱਛਮ 'ਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬੈਲਾਰਟ ਵਿੱਖੇ ਬੀਤੇ ਦਿਨੀਂ “ਵਿਰਾਸਤ ਏ ਪੰਜਾਬ ਬੈਲਰਟ” ਸੰਸਥਾ ਵਲੋਂ “ਬੈਲਰਟ ਮੇਲਾ 2025” ਸੱਭਿਆਚਾਰਕ ਸਮਾਗਮ ਬੈਲਰਟ ਸ਼ੋਅ ਗਰਾਊਂਡ ਵਿੱਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮੇਲਣਾਂ ਨੇ ਹਿੱਸਾ ਲਿਆ। ਖਰਾਬ ਮੌਸਮ ਦੇ ਬਾਵਜੂਦ ਵੀ ਮੇਲਣਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀ ਸੀ। ਮੇਲੇ ਦੀ ਸ਼ੂਰੁਆਤ “ਰੂਟਜ਼ ਪੰਜਾਬੀ ਸਕੂਲ ਬੈਲਰਟ” ਦੇ ਬੱਚਿਆਂ ਵਲੋਂ ਕੀਤੀ ਗਈ। ਸੰਸਥਾ ਵਲੋਂ ਲੋਕ ਨਾਚਾਂ ਦੀਆਂ ਬਾਰੀਕੀਆਂ ਸਿੱਖ ਰਹੇ ਬੱਚਿਆਂ ਨੇ ਇਸ ਮੌਕੇ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ।
ਇਸ ਮੌਕੇ ਪੰਜਾਬੀ ਲੋਕ ਨਾਚ ਗਿੱਧੇ ਭੰਗੜੇ ਤੋਂ ਇਲਾਵਾ ਸੁਹਾਗ ਦੇ ਗੀਤ, ਸਿੱਠਣੀਆਂ, ਕਿੱਕਲੀ, ਬੋਲੀਆਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਪੇਂਡੂ ਪੰਜਾਬ ਦਾ ਚੇਤਾ ਕਰਵਾ ਦਿੱਤਾ। ਇਸ ਮੇਲੇ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੀ ਗਾਇਕਾ ਦੀਪਕ ਢਿਲੋਂ, ਮਾਹੀ ਸ਼ਰਮਾ ਤੇ ਅਰਮਾਨ ਢਿਲੋਂ ਦੀ ਗਾਇਕੀ ਇਸ ਮੇਲੇ ਦਾ ਆਕਰਸ਼ਣ ਦਾ ਕੇਂਦਰ ਰਹੀ। ਜਿੰਨਾ ਦੀ ਬਾਕਮਾਲ ਪੇਸ਼ਕਾਰੀ ਨੇ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜਿੰਨਾਂ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਇੱਕ ਵੱਖਰਾ ਹੀ ਮਾਹੌਲ ਸਿਰਜ ਦਿੱਤਾ। ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ, ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ, ਬੱਚੀਆਂ ਤੇ ਬੀਬੀਆਂ ਦਾ ਲਾ-ਮਿਸਾਲ ਇਕੱਠ ਆਪਣੇ ਆਪ ਵਿੱਚ ਇਤਿਹਾਸਕ ਹੋ ਨਿਬੜਿਆ। ਮੰਚ ਸੰਚਾਲਨ ਪ੍ਰੀਤ ਖਿੰਡਾ ਤੇ ਰਮਨ ਮਾਰੂਪੁਰ ਵਲੋਂ ਸਾਂਝੇ ਰੂਪ ਵਿੱਚ ਬਾਖੂਬੀ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਸਿੰਗਾਪੁਰ ਦੇ ਰਾਸ਼ਟਰਪਤੀ ਸੱਤ ਭਾਰਤੀ ਕਾਮਿਆਂ ਨਾਲ ਕਰਨਗੇ ਮੁਲਾਕਾਤ
ਇਸ ਮੇਲੇ ਵਿੱਚ ਮੈਂਬਰ ਪਾਰਲੀਮੈਂਟ ਜੂਲੀਆਨਾ ਐਡੀਸਨ, ਮੈਂਬਰ ਪਾਰਲੀਮੈਂਟ ਕੈਥਰਿਨ ਕਿੰਗ, ਟੈਲੀ ਕੌਰ ਕੋਂਸਲਰ ਐਰਾਰਟ, ਸ਼ਿਵਾਲੀ ਚੈਟਲੇ ਕੋਂਸਲਰ ਬੈਂਡਿਗੋ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਸਾਰੇ ਮਹਿਮਾਨਾਂ ਨੇ ਵਿਰਾਸਤ ਏ ਪੰਜਾਬ ਸੰਸਥਾ ਵੱਲੋਂ ਕੀਤੇ ਜਾਏ ਉਪਰਾਲਿਆਂ ਦੀ ਸ਼ਲਾਘਾ ਕਰਦੇ ਪ੍ਰਬੰਧਕਾਂ ਨੂੰ ਇਹ ਮੇਲਾ ਸਫਲ ਬਣਾਉਣ ਲਈ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਰਹੀ ਕਿ ਹਰ ਉਮਰ ਵਰਗ ਨੇ ਇਸ ਸਮਾਗਮ ਦਾ ਆਨੰਦ ਮਾਣਿਆ। ਇਸ ਮੌਕੇ ਵਿਰਾਸਤ ਏ ਪੰਜਾਬ ਸੰਸਥਾ ਦੇ ਮੁੱਖ ਪ੍ਰਬੰਧਕਾਂ ਰਮਨ ਮਾਰੂਪੁਰ ਤੇ ਨੀਰਜ ਮਾਰੂਪਰ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਸੰਸਥਾ “ਵਿਰਾਸਤ ਏ ਪੰਜਾਬ ਬੈਲਾਰਟ” ਪਿਛਲੇ ਸੱਤ ਸਾਲਾਂ ਤੋ ਇਹੋ ਉਪਰਾਲੇ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜੰਮ ਪਲ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਸੰਸਥਾ ਵਚਨਬੱਧ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਪਣੀ ਵਿਰਾਸਤ ਅਤੇ ਵਿਰਸੇ ਨੂੰ ਸਾਂਭਣ ਲਈ ਇਸ ਸੰਸਥਾ ਵਲੋਂ ਸਮੇਂ-ਸਮੇਂ ਸਿਰ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਮੌਕੇ ਭਾਗ ਲੈਣ ਪ੍ਰਤੀਯੋਗੀਆਂ ਨੂੰ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ। ਮੇਲੇ ਵਿੱਚ ਪੰਜਾਬੀ ਕਿਤਾਬਾਂ ਤੋਂ ਇਲਾਵਾ ਹੋਰ ਵੀ ਕਈ ਤਰਾ ਦੇ ਸਟਾਲ ਲਗਾਏ ਗਏ ਸਨ। ਇਸ ਮੇਲੇ ਨੂੰ ਸਫਲ ਬਣਾਉਣ ਲਈ ਪ੍ਰੀਤ ਖਿੰਡਾ, ਅਮ੍ਰਿੰਤ ਖਿੰਡਾ (ਪੰਜਾਬੀ ਸਵੈਗ ਜੀਲੋਂਗ) ਸਮੇਤ ਭਾਈਚਾਰੇ ਦੀਆਂ ਕਈ ਸ਼ਖਸੀਅਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।