ਬ੍ਰਿਸਬੇਨ ''ਚ ਗਾਇਕ ਗੁਰਦਾਸ ਮਾਨ ਦਾ ਸ਼ੋਅ ਪੰਜਾਬੀਅਤ ਦਾ ਸੁਨੇਹਾ ਦਿੰਦਿਆ ਯਾਦਗਾਰੀ ਹੋ ਨਿੱਬੜਿਆ

Monday, Aug 11, 2025 - 09:00 PM (IST)

ਬ੍ਰਿਸਬੇਨ ''ਚ ਗਾਇਕ ਗੁਰਦਾਸ ਮਾਨ ਦਾ ਸ਼ੋਅ ਪੰਜਾਬੀਅਤ ਦਾ ਸੁਨੇਹਾ ਦਿੰਦਿਆ ਯਾਦਗਾਰੀ ਹੋ ਨਿੱਬੜਿਆ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਦੇਸੀ ਰੌਕਸ ਦੇ ਮਨਮੋਹਨ ਸਿੰਘ, ਗ੍ਰਿਫਿਨ ਕਾਲਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਸਿੱਧ ਲੋਕ ਗਾਇਕ, ਅਦਾਕਾਰ ਤੇ ਗੀਤਕਾਰ ਗੁਰਦਾਸ ਮਾਨ ਦਾ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਪੰਜਾਬੀਆ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਵੱਲੋਂ ਜਦੋਂ ਖਚਾ-ਖਚ ਭਰੇ ਹਾਲ 'ਚ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜਗੜਾਹਟ 'ਚ ਗੂਜ ਉੱਠਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ’ਚ ਗੀਤ "ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਹੀ ਤੂੰ," ਗਾ ਕੇ ਰੱਬ ਦੀ ਇਬਾਦਿਤ ਕੀਤੀ। ਗੀਤ 'ਲੱਗੀਆਂ ਨੇ ਮੌਜਾਂ ਲਗਾਈ ਰੱਖੀ ਸੋਹਣਿਆ, ਚੰਗੇ ਆ ਜਾ ਮੰਦੇ ਆ ਨਿਭਾਈ ਰੱਖੀ ਸੋਹਣਿਆ", ਨਾਲ  ਦਰਸ਼ਕਾਂ ਵਿੱਚ ਗਰਮਾਹਟ ਭਰ ਦਿੱਤੀ।

PunjabKesari

ਇਸ ਉਪਰੰਤ ਆਪਣੇ ਕਰੀਬੀ ਸਾਥੀ ਤੇਜਪਾਲ ਨੂੰ ਯਾਦ ਕਰਦਿਆਂ 'ਅੱਖੀਆਂ ਖੁੱਲੀਆਂ' ਗੀਤ ਗਾ ਕੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਿਆ ਮਾਹੌਲ ਨੂੰ ਭਾਵੁਕ ਕਰ ਦਿੱਤਾ। 'ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ," ਨਾਲ ਆਪਣੇ ਵਤਨ ਦੇ ਮੋਹ ਤੇ ਪਿਆਰ ਦਾ ਸੁਨੇਹਾ ਦਿੱਤਾ। ਇਸ ਮੌਕੇ ਛੋਟੇ-ਛੋਟੇ ਬੱਚਿਆ ਵੱਲੋ  'ਛੱਲਾ' ਗੀਤ 'ਤੇ ਪੇਸ਼ਕਾਰੀ ਕੀਤੀ ਗਈ ਜਿਸ ਨੂੰ ਗੁਰਦਾਸ ਮਾਨ ਵੱਲੋ ਬੱਚਿਆ ਨੂੰ ਸਲਾਹੁਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

PunjabKesari

ਗੁਰਦਾਸ ਮਾਨ ਵੱਲੋਂ ਧੀਆਂ ਨੂੰ ਗੀਤ ਸਮਰਪਿਤ ਕਰਦਿਆਂ ਇੱਕ ਛੋਟੀ ਬੱਚੀ ਨਾਲ ਮੁਖਾਤਿਬ ਹੁੰਦਿਆ ਗੀਤ "ਕੁੜੀਏ ਆਪਣੇ ਹਿੱਸੇ ਦੀ ਦੁਨੀਆ ਮੈ ਤੈਥੋ ਵਾਰ ਦਿਆਂ" ਗਾ ਕੇ ਪੂਰੇ ਹਾਲ ਨੂੰ ਭਾਵੁਕ ਕਰ ਦਿੱਤਾ। ਉਪਰੰਤ ‘ਸੱਜਣਾ ਵੇ ਸੱਜਣਾ ਸਾਨੂੰ ਤੇਰੇ ਸ਼ਹਿਰ ਦੀ ਕਿੰਨੀ ਚੰਗੀ ਲੱਗਦੀ ਦੁਪਹਿਰ’ ਇੱਕ ਤੋਂ ਵੱਧ ਇੱਕ ਆਪਣੇ ਪ੍ਰਸਿੱਧ ਗੀਤ ਜਿਨ੍ਹਾਂ ’ਚ ‘ਮੈਂ ਤੇਰੇ ਪਿੰਡ ਦੀ ਹਵਾ ਸੋਹਣਿਆ", "ਮਾਮਲਾ ਗੜਬੜ ਹੈ," ਆਦਿ ਅਨੇਕਾ ਗੀਤਾਂ ਨਾਲ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ। 

PunjabKesari

ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆ ਤੇ ਦੇਰ ਰਾਤ ਤੱਕ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਸ਼ੋਅ ਨੂੰ ਸਿਖਰਾ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ-ਵਾਹ ਖੱਟੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਗੁਰਦਾਸ ਮਾਨ ਦੇ ਸ਼ੋਅ 'ਚ ਵੱਡੀ ਗਿਣਤੀ 'ਚ ਪਹੁੰਚ ਰਹੇ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।

PunjabKesari

ਮੁੱਖ ਪ੍ਰਬੰਧਕ ਮਨਮੋਹਨ ਸਿੰਘ ਤੇ ਸਪਾਂਸਰ ਫਾਈਵ ਵਾਟਰਸ ਮਾਈਗ੍ਰੇਸ਼ਨ ਤੇ ਗ੍ਰਿਫਿਨ ਕਾਲਜ ਤੋਂ ਜਸਪਾਲ ਸੰਧੂ, ਜਗਦੀਪ ਸਿੰਘ ਸਿੱਧੂ ਅਤੇ ਲੀਡਰ ਤੇ ਅਮੈਰੀਕਨ ਕਾਲਜ ਤੋਂ ਡਾ. ਬਰਨਾਰਡ ਮਲਿਕ ਵੱਲੋਂ ਗੁਰਦਾਸ ਮਾਨ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਦਿਆਂ ਸਨਮਾਨ ਕੀਤਾ  ਗਿਆ। ਦੇਸੀ ਰੌਕਸ ਦੇ ਮਨਮੋਹਨ ਸਿੰਘ ਵੱਲੋ ਸ਼ੋਅ ਦੀ ਸਫਲਤਾ ਲਈ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ ’ਚ ਕੀਤੇ ਜਾ ਰਹੇ ਸ਼ੋਅਜ਼ ਨੂੰ ਸਰੋਤਿਆਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ।

PunjabKesari

ਗੁਰਦਾਸ ਮਾਨ ਦਾ ਇਹ ਸ਼ੋਅ ਵਿਰਸੇ ਦੀ ਬਾਤ ਪਾਉਦਾਂ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ। ਇਸ ਸ਼ੋਅ ਮੌਕੇ ਸੁਰਤਾਲ ਅਕੈਡਮੀ ਦੇ ਬੱਚਿਆ ਵੱਲੋ ਗਿੱਧਾ ਭੰਗੜਾ ਪਾ ਕੇ ਧਮਾਲਾ ਪਾਈਆ ਗਈਆ। ਇਥੇ ਜ਼ਿਕਰਯੋਗ ਹੈ ਕਿ ਦੇਸੀ ਰੌਕਸ ਵੱਲੋ ਗੁਰਦਾਸ ਮਾਨ ਜੀ ਦਾ 'ਯਾਰ ਪੰਜਾਬੀ ਟੂਰ' ਆਸਟ੍ਰੇਲੀਆ-ਨਿਊਜ਼ੀਲੈਂਡ ਵਿੱਚ ਕਰਵਾਇਆ ਜਾ ਰਿਹਾ ਹੈ।
PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News