ਭਾਰਤੀ ਮੂਲ ਦੇ ਬ੍ਰਿਟਿਸ਼ ਨੇ ਗੈਰ-ਕਾਨੂੰਨੀ ਢੰਗ ਨਾਲ ਡਰਾਈਵਿੰਗ ਟੈਸਟ ਦੇਣ ਦੀ ਗੱਲ ਕਬੂਲੀ

Wednesday, Jun 28, 2023 - 04:24 PM (IST)

ਭਾਰਤੀ ਮੂਲ ਦੇ ਬ੍ਰਿਟਿਸ਼ ਨੇ ਗੈਰ-ਕਾਨੂੰਨੀ ਢੰਗ ਨਾਲ ਡਰਾਈਵਿੰਗ ਟੈਸਟ ਦੇਣ ਦੀ ਗੱਲ ਕਬੂਲੀ

ਲੰਡਨ (ਭਾਸ਼ਾ)- ਯੂਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ੀ ਨਾ ਬੋਲ ਪਾਉਣ ਵਾਲੇ ਲੋਕਾਂ ਦੀ ਤਰਫੋਂ 36 ਤੋਂ ਵੱਧ ਵਾਰ ਗੈਰ-ਕਾਨੂੰਨੀ ਢੰਗ ਨਾਲ ‘ਡਰਾਈਵਿੰਗ ਥਿਊਰੀ’ ਟੈਸਟ ਦੇਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। 'ਦਿ ਰੀਡਿੰਗ ਕ੍ਰੋਨਿਕਲ' ਅਖ਼ਬਾਰ ਦੀ ਰਿਪੋਰਟ ਅਨੁਸਾਰ ਸਤਵਿੰਦਰ ਸਿੰਘ (34) ਨੇ ਹਰ ਵਾਰ ਕਿਸੇ ਹੋਰ ਦੀ ਤਰਫੋਂ 'ਡਰਾਈਵਿੰਗ ਥਿਊਰੀ' ਦਾ ਟੈਸਟ ਦੇਣ 'ਤੇ 1500-1500 ਪੌਂਡ ਚਾਰਜ ਕੀਤਾ, ਜਦਕਿ ਪ੍ਰੀਖਿਆ ਫੀਸ ਸਿਰਫ 23 ਪੌਂਡ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕਰਤਾਰਪੁਰ ਸਾਹਿਬ 'ਚ 75 ਸਾਲ ਬਾਅਦ ਮਿਲੇ ਵੰਡ ਦੌਰਾਨ ਵਿਛੜੇ ਦੋ ਦੋਸਤ, ਤੋਹਫ਼ੇ 'ਚ ਦਿੱਤੀ ਪਿੰਡ ਦੀ ਮਿੱਟੀ

ਇਹ ਪਾਇਆ ਗਿਆ ਕਿ ਸਿੰਘ ਨੇ ਚਾਰ ਸਾਲਾਂ ਵਿੱਚ ਦੱਖਣੀ ਇੰਗਲੈਂਡ ਦੇ ਰੀਡਿੰਗ ਖੇਤਰ ਸਮੇਤ ਕਈ ਸਥਾਨਾਂ 'ਤੇ ਇੰਨੇ ਸਾਰੇ ਟੈਸਟ ਦਿੱਤੇ ਕਿ ਬ੍ਰਿਟੇਨ ਦੀ ਡਰਾਈਵਿੰਗ ਐਂਡ ਵਹੀਕਲ ਸਟੈਂਡਰਡਜ਼ ਏਜੰਸੀ (DVSA) ਨੇ ਉਸ ਨੂੰ ਫੜਨ ਲਈ ਟੈਸਟ ਕੇਂਦਰਾਂ ਵਿੱਚ ਉਸਦੀ ਤਸਵੀਰ ਲਗਾ ਦਿੱਤੀ। ਉਸ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਅੰਮ੍ਰਿਤਪਾਲ ਸਿੰਘ ਦੇ ਨਾਂ 'ਤੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਦੇਣ ਆਇਆ ਸੀ। ਇਸ ਹਫ਼ਤੇ ਰੀਡਿੰਗ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਏ, ਸਿੰਘ ਨੇ ਝੂਠੀ ਜਾਣਕਾਰੀ ਦੇ ਕੇ ਧੋਖਾਧੜੀ ਕਰਨ ਦਾ ਦੋਸ਼ ਕਬੂਲ ਕੀਤਾ। ਉਸ ਨੂੰ ਸਜ਼ਾ ਸੁਣਾਉਣ ਲਈ ਕਿਸੇ ਹੋਰ ਤਾਰੀਖ਼ 'ਤੇ ਬੁਲਾਇਆ ਜਾਵੇਗਾ। ਇਸ ਦੌਰਾਨ ਸਿੰਘ ਨੂੰ ਇਸ ਸ਼ਰਤ 'ਤੇ ਜ਼ਮਾਨਤ ਦੇ ਦਿੱਤੀ ਗਈ ਹੈ ਕਿ ਉਹ ਕੋਈ ਹੋਰ 'ਡਰਾਈਵਿੰਗ ਥਿਊਰੀ' ਟੈਸਟ ਨਹੀਂ ਦੇਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News