ਅਮਰੀਕਾ ’ਚ ਮਨੁੱਖੀ ਸਮੱਗਲਿੰਗ ਦੇ ਦੋਸ਼ ’ਚ ਭਾਰਤੀ ਨਾਗਰਿਕ ’ਤੇ ਮੁਕੱਦਮਾ
Saturday, Jan 31, 2026 - 02:09 AM (IST)
ਨਿਊਯਾਰਕ (ਭਾਸ਼ਾ) : ਕੈਨੇਡਾ ਤੋਂ ਅਮਰੀਕਾ ਦੀ ਉੱਤਰੀ ਸਰਹੱਦ ਦੇ ਰਸਤੇ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਸਮੱਗਲਿੰਗ ਦੀ ਇਕ ਸਾਜ਼ਿਸ਼ ’ਚ ਸ਼ਮੂਲੀਅਤ ਦੇ ਦੋਸ਼ ਵਿਚ ਇੱਕ 22 ਸਾਲਾ ਭਾਰਤੀ ਨੌਜਵਾਨ ’ਤੇ ਇੱਥੇ ਮੁਕੱਦਮਾ ਚਲਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਸ਼ਿਵਮ ਨਾਮੀ ਵਿਅਕਤੀ ’ਤੇ ਅਮਰੀਕਾ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਵਾਉਣ ਦੀ ਸਾਜ਼ਿਸ਼ ਰਚਣ ਅਤੇ ਨਿੱਜੀ ਵਿੱਤੀ ਲਾਭ ਦੇ ਉਦੇਸ਼ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਨਾਜਾਇਜ਼ ਤੌਰ ’ਤੇ ਅਮਰੀਕਾ ਲਿਆਉਣ ਦੇ ਦੋਸ਼ ਲਾਏ ਗਏ ਹਨ।
ਇਹ ਵੀ ਪੜ੍ਹੋ : ਟਰੰਪ ਦੀ ਧਮਕੀ ’ਤੇ ਈਰਾਨ ਬੋਲਿਆ-ਸਾਡੇ 1000 ਡਰੋਨ ਤਿਆਰ
ਨਿਊਯਾਰਕ ਦੇ ਨਾਰਦਰਨ ਡਿਸਟ੍ਰਿਕਟ ਦੀ ਇੱਕ ਸੰਘੀ ਅਦਾਲਤ ਨੇ ਇਸ ਸਾਜ਼ਿਸ਼ ’ਚ ਉਸ ਦੀ ਭੂਮਿਕਾ ਲਈ ਉਸ ਦੇ ਵਿਰੁੱਧ ਦੋਸ਼ ਤੈਅ ਕੀਤੇ ਹਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸ਼ਿਵਮ ਨੇ ਜਨਵਰੀ ਤੋਂ ਜੂਨ 2025 ਦੇ ਵਿਚਾਲੇ ਸਮੱਗਲਿੰਗ ਮੁਹਿੰਮਾਂ ਚਲਾਈਆਂ ਅਤੇ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਵਾ ਕੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਨਿਊਯਾਰਕ ਦੀ ਕਲਿੰਟਨ ਕਾਊਂਟੀ ’ਚ ਪਹੁੰਚਾਉਣ ’ਚ ਤਾਲਮੇਲ ਕੀਤਾ।
