ਯੂਏਈ ਦੇ ਕਾਰੋਬਾਰੀਆਂ ਨੂੰ 16 ਲੱਖ ਡਾਲਰ ਦਾ ਚੂਨਾ ਲਾ ਕੇ ਦੇਸ਼ ਪਰਤਿਆ ਭਾਰਤੀ ਨਾਗਰਿਕ

05/31/2020 12:07:19 AM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ ਵਿਚ ਤਕਰੀਬਨ 50 ਕਾਰੋਬਾਰੀਆਂ ਨੂੰ 16 ਲੱਖ ਡਾਲਰ ਦਾ ਕਥਿਤ ਤੌਰ 'ਤੇ ਚੂਨਾ ਲਾ ਕੇ ਇਕ ਭਾਰਤੀ ਨਾਗਰਿਕ ਹੈਦਰਾਬਾਦ ਆ ਰਹੇ ਜਹਾਜ਼ ਵਿਚ ਭਾਰਤ ਪਰਤ ਆਇਆ। ਗਲਫ ਨਿਊਜ਼ ਵਿਚ ਸ਼ਨੀਵਾਰ ਨੂੰ ਆਈਆਂ ਖਬਰਾਂ ਮੁਤਾਬਕ ਮੁੱਖ ਦੋਸ਼ੀ ਯੋਗੇਸ਼ ਅਸ਼ੋਕ ਯਾਰਿਆਵਾ ਵੰਦੇ ਭਾਰਤ ਮਿਸ਼ਨ ਤਹਿਤ 11 ਮਈ ਤੋਂ ਆਬੂ ਧਾਬੀ ਤੋਂ ਹੈਦਰਾਬਾਦ ਆਏ ਜਹਾਜ਼ ਵਿਚ 170 ਫਸੇ ਹੋਏ ਹੋਰ ਭਾਰਤੀਆਂ ਦੇ ਨਾਲ ਵਾਪਸ ਪਰਤ ਆਇਆ ਸੀ।

ਅਖਬਾਰ ਮੁਤਾਬਕ ਧੋਖੇਬਾਜ਼ ਰਾਇਲ ਲੱਕ ਫੂਜਸਟਫ ਟ੍ਰੇਡਿੰਗ ਦੇ 36 ਸਾਲਾ ਮਾਲਕ ਯੋਗੇਸ਼ ਨੇ ਕਾਰੋਬਾਰੀਆਂ ਨੂੰ ਅੱਗੇ ਦੀ ਤਰੀਕ ਦਾ ਚੈੱਕ ਦੇ ਕੇ 60 ਲੱਖ ਦਿਰਹਮ (16 ਲੱਖ ਡਾਲਰ) ਦੀ ਖਰੀਦਦਾਰੀ ਕੀਤੀ ਤੇ ਫਿਰ ਭਾਰਤ ਭੱਜ ਆਇਆ। ਖਰੀਦੇ ਗਏ ਸਮਾਨ ਵਿਚ ਮਾਸਕ, ਸੈਨੇਟਾਈਜ਼ਰ, ਮੈਡੀਕਲ ਦਸਤਾਨੇ (ਕੀਮਤ ਤਕਰੀਬਨ 5 ਲੱਖ ਦਿਰਹਮ), ਚਾਵਲ, ਮੇਵੇ (3,93,000 ਦਿਰਹਮ), ਟੂਨਾ, ਪਿਸਤਾ ਤੇ ਕੇਸਰ (3,00,725 ਦਿਰਹਮ) ਆਦਿ ਸ਼ਾਮਲ ਹਨ। ਵਪਾਰੀਆਂ ਨੇ ਯੋਗੇਸ਼ ਦੇ ਖਿਲਾਫ ਬਰ ਦੁਬਈ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।


Baljit Singh

Content Editor

Related News