ਭਾਰਤੀ ਹਾਈ ਕਮਿਸ਼ਨ ਨੇ ਪਾਕਿ ’ਚ ਸਿੱਖ ਸ਼ਰਧਾਲੂਆਂ ਨਾਲ ਕੀਤੀ ਮੁਲਾਕਾਤ, ਸਹੂਲਤਾਂ ਦਾ ਲਿਆ ਜਾਇਜ਼ਾ
Tuesday, Nov 08, 2022 - 10:47 AM (IST)
ਲਾਹੌਰ (ਭਾਸ਼ਾ)- ਪਾਕਿਸਤਾਨ ’ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਸੋਮਵਾਰ ਨੂੰ ਇਥੇ ਆਉਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਸੁਰੱਖਿਆ ਅਤੇ ਇਸ ਦੇਸ਼ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਉਨ੍ਹਾਂ ਦੀ ਯਾਤਰਾ ਲਈ ਸਹੂਲਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਸਖ਼ਤ ਸੁਰੱਖਿਆ ਦਰਮਿਆਨ ਭਾਰਤ ਤੋਂ 2500 ਤੋਂ ਜ਼ਿਆਦਾ ਸਿੱਖ ਐਤਵਾਰ ਨੂੰ ਪਾਕਿਸਤਾਨ ਪਹੁੰਚੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵਲੋਂ ਇਕ ਹਫਤਾ ਪਹਿਲਾਂ ਇਸਲਾਮਾਬਾਦ ਕੂਚ ਦੇ ਸੱਦੇ ਤੋਂ ਬਾਅਦ ਪਾਕਿਸਤਾਨ ਵਿਚ ਕਾਨੂੰਨ ਵਿਵਸਥਾ ਚੁਣੌਤੀਪੂਰਨ ਬਣੀ ਹੋਈ ਹੈ। ਪੰਜਾਬ ਸੂਬੇ 'ਚ ਪਿਛਲੇ ਹਫਤੇ ਇਮਰਾਨ ਖਾਨ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਵਿਗੜੇ ਹੋਏ ਹਾਲਾਤ ਵਿਚ ਭਾਰਤੀ ਸਿੱਖ ਸ਼ਰਧਾਲੂਆਂ ਦਾ ਇਹ ਦੌਰਾ ਹੋ ਰਿਹਾ ਹੈ। ਸ਼ਰਧਾਲੂ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਵਿਖੇ ਹੋ ਰਹੇ ਜਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।