ਭਾਰਤ ਨੇ ਸ਼੍ਰੀਲੰਕਾ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਰੋਕ ਦੇ ਦਾਅਵਿਆਂ ਨੂੰ ਕੀਤਾ ਖਾਰਜ
Friday, May 13, 2022 - 02:37 PM (IST)
ਕੋਲੰਬੋ (ਏਜੰਸੀ)- ਸ੍ਰੀਲੰਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸ਼੍ਰੀਲੰਕਾ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਰੋਕ ਦੇ ਦਾਅਵਿਆਂ ਨੂੰ ਸ਼ੁੱਕਰਵਾਰ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵੀਜ਼ਾ ਵਿੰਗ ਦੇ ਸਟਾਫ਼ ਦੇ ਦਫ਼ਤਰ ਵਿਚ ਹਾਜ਼ਰ ਹੋਣ ਵਿਚ ਅਸਮਰੱਥਾ ਕਾਰਨ ਸੰਚਾਲਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ, "ਹਾਈ ਕਮਿਸ਼ਨ ਇਸ ਗੱਲ ਤੋਂ ਸਾਫ਼ ਇਨਕਾਰ ਕਰਦਾ ਹੈ ਕਿ ਉਸਨੇ ਜਾਂ ਸ੍ਰੀਲੰਕਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਜਾਂ ਸਹਾਇਕ ਹਾਈ ਕਮਿਸ਼ਨ ਨੇ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਕਰਮਚਾਰੀ ਆਪਣੇ ਕੰਮ ਨੂੰ ਜਲਦੀ ਹੀ ਆਮ ਵਾਂਗ ਲਿਆਉਣ ਲਈ ਪੂਰੀ ਵਾਹ ਲਾ ਰਹੇ ਹਨ।
ਦੂਤਘਰ ਨੇ ਕਿਹਾ, 'ਪਿਛਲੇ ਕੁਝ ਦਿਨਾਂ ਤੋਂ, ਸਾਡੇ ਵੀਜ਼ਾ ਵਿੰਗ ਦੇ ਸਟਾਫ, ਜਿਨ੍ਹਾਂ ਵਿੱਚ ਜ਼ਿਆਦਾਤਰ ਸ੍ਰੀਲੰਕਾ ਦੇ ਨਾਗਰਿਕ ਹਨ, ਦੇ ਦਫ਼ਤਰ ਵਿੱਚ ਹਾਜ਼ਰ ਹੋਣ ਵਿੱਚ ਅਸਮਰੱਥਾ ਕਾਰਨ ਸੰਚਾਲਨ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ। ਅਸੀਂ ਜਲਦੀ ਹੀ ਆਪਣੇ ਕੰਮ ਨੂੰ ਆਮ ਪੱਧਰ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।' ਉਸ ਨੇ ਕਿਹਾ, 'ਅਸੀਂ ਸ੍ਰੀਲੰਕਾ ਵਾਸੀਆਂ ਲਈ ਭਾਰਤ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਵਚਨਬੱਧ ਹਾਂ। ਸ਼੍ਰੀਲੰਕਾ ਦਾ ਭਾਰਤ ਵਿੱਚ ਉਸੇ ਤਰ੍ਹਾਂ ਸੁਆਗਤ ਹੈ, ਜਿਵੇਂ ਭਾਰਤੀਆਂ ਦਾ ਸ਼੍ਰੀਲੰਕਾ ਵਿੱਚ ਹੈ।'