ਇਟਲੀ 'ਚ ਭਾਰਤੀ ਕੁੜੀਆਂ ਦੀ ਝੰਡੀ , ਹਰਮਨਜੋਤ ਕੌਰ ਨੇ ਗ੍ਰੈਜੂਏਸ਼ਨ 'ਚੋਂ ਲਏ 100/100 ਨੰਬਰ
Wednesday, Jul 17, 2024 - 06:14 PM (IST)
ਰੋਮ(ਕੈਂਥ) - ਇਟਲੀ ਦੇ ਵਿੱਦਿਆਦਕ ਖੇਤਰਾਂ ਵਿਚ 100/100 ਨੰਬਰ ਲੈ ਭਾਰਤੀ ਕੁੜੀਆਂ ਵੱਲੋਂ ਮਚਾਈ ਜਾ ਰਹੀ ਧੂਮ ਨੇ ਭਾਰਤੀ ਭਾਈਚਾਰੇ ਦੇ ਨਾਲ ਭਾਰਤ ਦੇਸ਼ ਦਾ ਰੁਤਬਾ ਇਟਲੀ ਵਿੱਚ ਹੋਰ ਉੱਚਾ ਕਰ ਦਿੱਤਾ ਹੈ । ਇਸ ਕਾਬਲੇ ਤਾਰੀਫ ਕਾਮਯਾਬੀ ਵਿੱਚ ਇਸ ਵਾਰ ਨਾਮ ਆ ਰਿਹਾ ਹੈ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਭੂਰੰਗਪੁਰ ਦੀ ਜੰਮਪਲ ਹਰਮਨਜੋਤ ਕੌਰ ਹਰੀ ਪੁੱਤਰੀ ਹਰਦੀਪ ਸਿੰਘ / ਬਲਬੀਰ ਕੌਰ ਦੀ ਦਾ। ਹਰਮਨਜੋਤ ਪੰਜ ਕੁ ਸਾਲ ਪਹਿਲਾਂ ਹੀ ਇਟਲੀ ਦੇ ਜ਼ਿਲ੍ਹੇ ਲੇਚੇ ਵਿੱਚ ਪਰਿਵਾਰ ਨਾਲ ਆਈ ਸੀ । ਮਾਪਿਆਂ ਨੇ ਆਪਣੀ ਲਾਡਲੀ ਧੀ ਹਰੀ ਦੀ ਇਟਲੀ ਵਿੱਚ ਆਉਂਦੇ ਹੀ ਪੜਾਈ ਸ਼ੁਰੂ ਕੀਤੀ ਸੀ । ਹਰਮਨਜੋਤ ਕੌਰ ਨੂੰ ਬਚਪਨ ਵਿੱਚ ਹੀ ਉਸ ਦੇ ਦਾਦਾ ਹਰਨੇਕ ਸਿੰਘ ਹਰੀ ਤੇ ਨਾਨਾ ਜਗਦੇਵ ਸਿੰਘ ਨੇ ਭਾਰਤ ਵਿੱਚ ਪੜ੍ਹਾਈ ਵਿੱਚ ਤੇਜ ਕਰਨ ਲਈ ਉਚੇਚਾ ਧਿਆਨ ਦਿੱਤਾ ਜਿਸ ਦਾ ਨਾਤੀਜਾ ਸਭ ਦੇ ਸਾਹਮਣੇ ਹੈ। ਹੁਣ ਹਰਮਨਜੋਤ ਨੇ ਪਰਿਵਾਰ ਦੀ ਹੱਲਾਸ਼ੇਰੀ ਦੀ ਬਦੌਲਤ ਹੀ ਗ੍ਰੈਜੂਏਸ਼ਨ ( ਸਾਇੰਸ,ਮੈਥ, ਇੰਗਲਿਸ਼ ਆਦਿ) ਵਿਚੋਂ 100/100 ਅੰਕ ਪ੍ਰਾਪਤ ਕਰਕੇ ਪੂਰੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਜਿਸ ਨਾਲ ਹਰਮਨਜੋਤ ਹਰੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਉਸ ਦੇ ਨਾਲ ਹੀ ਪੜ੍ਹਨ ਵਾਲੇ ਬੱਚਿਆਂ ਲਈ ਇਕ ਪ੍ਰੇਰਨਾ ਵੀ ਬਣੀ ਹੈ।ਵਿੱਦਿਆਦਕ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਇਹਨਾਂ ਭਾਰਤੀ ਬੱਚਿਆਂ ਦੀ ਕੀਤੀ ਜਾ ਰਹੀ ਇਹ ਮਿਹਨਤ ਇਟਲੀ ਦੇ ਭਾਰਤੀਆਂ ਦੇ ਉੱਜਵਲ ਭੱਵਿਖ ਦੀ ਭੱਵਿਖਬਾਣੀ ਕਰ ਰਹੀ ਹੈ। ਹਰਮਨਜੋਤ ਕੌਰ ਹਰੀ ਨੇ ਪੜ੍ਹਾਈ ਵਿੱਚ ਅੱਵਲ ਆ ਕੇ ਆਪਣੇ ਦਾਦਾ ਹਰਨੇਕ ਸਿੰਘ ਹਰੀ ਅਤੇ ਨਾਨਾ ਜਗਦੇਵ ਸਿੰਘ ਸਰਾਨ ਦਾ ਨਾਮ ਰੌਸ਼ਨ ਕਰਨ ਦੇ ਨਾਲ ਭਾਰਤੀ ਭਾਈਚਾਰੇ ਦਾ ਵੀ ਨਾਮ ਰੌਸ਼ਨ ਕੀਤਾ ਹੈ।