ਕੋਰੋਨਾ ਆਫ਼ਤ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਪਹੁੰਚੇ ਅਮਰੀਕਾ, ਇਨ੍ਹਾਂ ਅਹਿਮ ਮੁੱਦਿਆਂ ’ਤੇ ਕਰਨਗੇ ਚਰਚਾ

Monday, May 24, 2021 - 12:38 PM (IST)

ਇੰਟਰਨੈਸ਼ਨਲ  ਡੈਸਕ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਐਤਵਾਰ ਨੂੰ ਅਮਰੀਕਾ ਦੌਰੇ ’ਤੇ ਪਹੁੰਚੇ। ਭਾਰਤ ਦੇ ਇਸ ਸਾਲ ਜਨਵਰੀ ’ਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦਾ ਗੈਰ-ਸਥਾਈ ਮੈਂਬਰ ਬਣਨ ਤੋਂ ਬਾਅਦ ਵਿਦੇਸ਼ ਮੰਤਰੀ ਦਾ ਅਮਰੀਕਾ ਦਾ ਇਹ ਪਹਿਲਾ ਦੌਰਾ ਹੈ। ਜੈਸ਼ੰਕਰ ਇਸ ਸਮੇਂ ਦੌਰਾਨ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਾਰੇਸ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਮੰਗਲਵਾਰ ਸਵੇਰੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਵਾਸ਼ਿੰਗਟਨ ਡੀ. ਸੀ. ਜਾਣਗੇ, ਜਿਥੇ ਉਹ ਬਲਿੰਕੇਨ ਨੂੰ ਮਿਲਣਗੇ। ਜਨਵਰੀ ’ਚ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ’ਚ ਕਿਸੇ ਸੀਨੀਅਰ ਭਾਰਤੀ ਮੰਤਰੀ ਦਾ ਇਹ ਪਹਿਲਾ ਦੌਰਾ ਹੈ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰਮੂਰਤੀ ਨੇ ਐਤਵਾਰ ਰਾਤ ਟਵੀਟ ਕੀਤਾ, ‘‘ਮੈਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੇ 1 ਜਨਵਰੀ, 2021 ਨੂੰ ਸ਼ਾਮਲ ਹੋਣ ਤੋਂ ਬਾਅਦ ਨਿਊਯਾਰਕ ਪਹੁੰਚਣ ’ਤੇ ਡਾ. ਐੱਸ. ਐੱਸ. ਜੈਸ਼ੰਕਰ ਦਾ ਸਵਾਗਤ ਕਰਦਾ ਹਾਂ।’’ ਜੈਸ਼ੰਕਰ ਦਾ ਦੌਰਾ 28 ਮਈ ਨੂੰ ਸਮਾਪਤ ਹੋਵੇਗਾ। ਇਸ ਸਮੇਂ ਦੌਰਾਨ ਉਹ ਦੋ-ਪੱਖੀ ਸਬੰਧਾਂ ਨੂੰ ਵੇਖ ਰਹੇ ਕੈਬਨਿਟ ਮੈਂਬਰਾਂ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। 21 ਮਈ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਦੇ ਦੌਰੇ ਦੌਰਾਨ ਉਨ੍ਹਾਂ ਦਾ ਆਰਥਿਕ ਅਤੇ ਕੋਵਿਡ-19 ਮਹਾਮਾਰੀ ਸਬੰਧੀ ਕਾਰੋਬਾਰੀ ਫੋਰਮਾਂ ’ਤੇ ਭਾਰਤ ਤੇ ਅਮਰੀਕਾ ਵਿਚਾਲੇ ਗੱਲਬਾਤ ਦਾ ਪ੍ਰੋਗਰਾਮ ਹੈ। 


Manoj

Content Editor

Related News