ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਵਿਦਿਆਰਥੀਆਂ ਸਮੇਤ ਨਾਗਰਿਕ ਤੁਰੰਤ ਛੱਡਣ ਯੂਕਰੇਨ

Tuesday, Feb 15, 2022 - 06:38 PM (IST)

ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਵਿਦਿਆਰਥੀਆਂ ਸਮੇਤ ਨਾਗਰਿਕ ਤੁਰੰਤ ਛੱਡਣ ਯੂਕਰੇਨ

ਕੀਵ/ਨਵੀਂ ਦਿੱਲੀ (ਵਾਰਤਾ): ਯੂਕਰੇਨ ਦੀਆਂ ਸਰਹੱਦਾਂ 'ਤੇ ਰੂਸੀ ਸੈਨਿਕਾਂ ਦੀ ਤਾਇਨਾਤੀ ਅਤੇ ਉਸ 'ਤੇ ਰੂਸ ਦੇ ਹਮਲੇ ਦੇ ਖਦਸ਼ੇ ਦੇ  ਵਿਚਕਾਰ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ, ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨੂੰ ਦੇਸ਼ ਦੀ ਮੌਜੂਦਾ ਸਥਿਤੀ ਅਤੇ ਅਨਿਸ਼ਚਿਤਤਾ ਦਾ ਹਵਾਲਾ ਦਿੰਦੇ ਹੋਏ ਅਸਥਾਈ ਰੂਪ ਤੋਂ ਦੇਸ਼ ਛੱਡਣ ਲਈ ਕਿਹਾ ਹੈ। ਭਾਰਤੀ ਦੂਤਾਵਾਸ ਨੇ ਇੱਕ ਸਲਾਹ ਜਾਰੀ ਕਰ ਕੇ ਸਾਰੇ ਨਾਗਰਿਕਾਂ ਨੂੰ ਯੂਕਰੇਨ ਅਤੇ ਦੇਸ਼ ਦੇ ਅੰਦਰ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਵੀਸਲਾਹ ਦਿੱਤੀ ਹੈ। 

ਦੂਤਾਵਾਸ ਨੇ ਸਾਰੇ ਭਾਰਤੀਆਂ ਨੂੰ ਕਿਹਾ ਕਿ ਉਹ ਦੂਤਾਵਾਸ ਨੂੰ ਯੂਕਰੇਨ ਵਿਚ ਆਪਣੇ ਠਿਕਾਣਿਆਂ ਬਾਰੇ ਸੂਚਿਤ ਕਰਨ ਤਾਂ ਜੋ ਲੋੜ ਪੈਣ 'ਤੇ ਉਹਨਾਂ ਤੱਕ ਪਹੁੰਚਿਆ ਜਾ ਸਕੇ। ਦੂਤਾਵਾਸ ਫਿਲਹਾਲ ਸਧਾਰਨ ਤੌਰ 'ਤੇ ਕੰਮ ਕਰਨਾ ਜਾਰੀ ਰੱਖੇਗਾ। ਸਲਾਹ ਵਿੱਚ ਦੱਸਿਆ ਗਿਆ ਹੈ ਕਿ ਯੂਕਰੇਨ ਵਿੱਚ ਮੌਜੂਦਾ ਸਥਿਤੀ ਦੀਆਂ ਅਨਿਸ਼ਚਤਤਾਵਾਂ ਨੂੰ ਦੇਖਦੇ ਹੋਏ ਯੂਕਰੇਨ ਵਿੱਚ ਭਾਰਤੀ ਨਾਗਰਿਕ, ਵਿਸ਼ੇਸ਼ ਤੌਰ 'ਤੇ ਅਜਿਹੇ ਵਿਦਿਆਰਥੀ, ਜਿਹਨਾਂ ਦਾ ਰੁਕਣਾ ਜ਼ਰੂਰੀ ਨਹੀਂ ਹੈ, ਅਸਥਾਈ ਤੌਰ 'ਤੇ ਦੇਸ਼ ਛੱਡਣ 'ਤੇ ਵਿਚਾਰ ਕਰਨ। ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਅਤੇ ਦੇਸ਼ ਦੇ ਅੰਦਰ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਭਾਰਤੀ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਦੂਤਾਵਾਸ ਨੂੰ ਯੂਕਰੇਨ ਵਿੱਚ ਆਪਣੀ ਮੌਜੂਦਗੀ ਬਾਰੇ ਸੂਚਿਤ ਕਰਦੇ ਰਹਿਣ ਤਾਂ ਜੋ ਲੋੜ ਪੈਣ 'ਤੇ ਉਹਨਾਂ ਤੱਕ ਪਹੁੰਚਿਆ ਜਾ ਸਕੇ।  ਦੂਤਾਵਾਸ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਤੌਰ 'ਤੇ ਕੰਮ ਕਰਨਾ ਜਾਰੀ ਰੱਖੇਗਾ। 

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ਨੇ ਯੂਕਰੇਨ ਨੂੰ ਦਿੱਤਾ ਸਮਰਥਨ, ਦੇਵੇਗਾ 70 ਲੱਖ ਡਾਲਰ ਤੋਂ ਵਧੇਰੇ ਦੇ ਮਾਰੂ 'ਹਥਿਆਰ'

ਗੌਰਤਲਬ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ 100,000 ਤੋਂ ਵੱਧ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ, ਜਿਸ ਨਾਲ ਹਮਲੇ ਦਾ ਖਦਸ਼ਾ ਬਣਿਆ ਹੋਇਆ ਹੈ। ਰਿਪੋਰਟਾਂ ਦੇ ਅਨੁਸਾਰ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਸੋਮਵਾਰ ਨੂੰ ਯੂਕਰੇਨ ਦਾ ਦੌਰਾ ਕੀਤਾ ਅਤੇ ਅੱਜ ਉਹਨਾਂ ਨੇ ਮਾਸਕੋ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ, ਜਿਸ ਨੂੰ ਇੱਕ ਸੰਭਾਵੀ ਰੂਸੀ ਹਮਲੇ ਨੂੰ ਰੋਕਣ ਦੀ ਅਖ਼ੀਰੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ। ਸ਼ੌਲਜ਼ ਨੇ ਪਹਿਲਾਂ ਯੂਕਰੇਨ 'ਤੇ ਕਿਸੇ ਵੀ ਰੂਸੀ ਹਮਲੇ ਵਿਰੁੱਧ ਸਪੱਸ਼ਟ ਚਿਤਾਵਨੀ ਜਾਰੀ ਕੀਤੀ ਸੀ।ਉਨ੍ਹਾਂ ਨੇ ਕਿਹਾ ਸੀਕਿ ਰੂਸ ਦੇ ਕਿਸੇ ਵੀ ਹਮਲੇ ਦੇ ਭਾਰੀ ਆਰਥਿਕ ਨਤੀਜੇ ਹੋਣਗੇ ਅਤੇ ਯੂਕਰੇਨ ਦੀ ਖੇਤਰੀ ਅਖੰਡਤਾ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News