ਸਿੰਗਾਪੁਰ ''ਚ ਭਾਰਤੀ ਵਿਦਿਆਰਥੀ ਨੂੰ ਸੁਣਾਈ ਗਈ ਜੇਲ੍ਹ ਦੀ ਸਜ਼ਾ

Thursday, Dec 23, 2021 - 05:37 PM (IST)

ਸਿੰਗਾਪੁਰ ''ਚ ਭਾਰਤੀ ਵਿਦਿਆਰਥੀ ਨੂੰ ਸੁਣਾਈ ਗਈ ਜੇਲ੍ਹ ਦੀ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਵੀਰਵਾਰ ਨੂੰ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਦੋਸ਼ੀ ਨੇ ਬਿਨਾਂ ਲਾਇਸੈਂਸ ਦੇ ਭੁਗਤਾਨ ਸੇਵਾਵਾਂ ਦੇ ਕਾਰੋਬਾਰ ਨੂੰ ਚਲਾਉਣ ਦੀ ਸਾਜ਼ਿਸ਼ ਰਚਣ ਅਤੇ ਹੋਰ ਭਾਰਤੀ ਸਹਿ-ਸਾਜ਼ਿਸ਼ਕਰਤਾਵਾਂ ਦੇ ਨਾਲ ਇੱਕ ਵਟਸਐਪ ਸਮੂਹ ਨੂੰ ਹਟਾ ਕੇ ਜਾਂਚ ਵਿੱਚ ਰੁਕਾਵਟ ਪਾਉਣ ਦੇ ਦੋਸ਼ ਸਵੀਕਾਰ ਕੀਤੇ। ‘ਚੈਨਲ ਨਿਊਜ਼ ਏਸ਼ੀਆ’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ 26 ਸਾਲਾ ਜਸਪ੍ਰੀਤ ਸਿੰਘ ਦੇ ਅੱਠ ਸਾਥੀ ਸਨ। ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਦੀ ਉਮਰ 20-25 ਸਾਲ ਦਰਮਿਆਨ ਹੈ।

ਮੰਨਿਆ ਜਾਂਦਾ ਹੈ ਕਿ ਮੁਲਜ਼ਮਾਂ ਦੇ ਦੋ ਹੋਰ ਅਣਪਛਾਤੇ ਸਾਥੀ ਭਾਰਤ ਵਿੱਚ ਹਨ, ਜਿੱਥੇ ਉਹ ਮਨੀ ਲਾਂਡਰਿੰਗ ਗਿਰੋਹ ਨੂੰ ਚਲਾਉਂਦੇ ਹਨ। ਸਿੰਘ ਸਤੰਬਰ 2019 ਵਿੱਚ ਹੋਸਪਿਟੈਲਿਟੀ ਅਤੇ ਟੂਰਿਜ਼ਮ ਮੈਨੇਜਮੈਂਟ ਵਿੱਚ ਡਿਪਲੋਮਾ ਕਰਨ ਲਈ ਸਿੰਗਾਪੁਰ ਆਇਆ ਸੀ। ਉਹ ਆਪਣੇ ਚਾਰ ਸਹਿ-ਮੁਲਜ਼ਮਾਂ ਨਾਲ ਬੁਕਿਤ ਪੁਰਮਈ ਇਲਾਕੇ 'ਚ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ। ਸਿੰਗਾਪੁਰ ਪਹੁੰਚਣ ਤੋਂ ਇੱਕ ਸਾਲ ਬਾਅਦ, ਸਿੰਘ ਦੇ ਇੱਕ ਸਾਥੀ ਨੇ ਉਸਨੂੰ ਆਪਣੀ ਪੈਸਾ ਕਮਾਉਣ ਦੀ ਯੋਜਨਾ ਬਾਰੇ ਦੱਸਿਆ। ਸਿੰਘ ਨੂੰ ਦੱਸਿਆ ਗਿਆ ਸੀ ਕਿ ਉਹ ਵਿਦੇਸ਼ ਤੋਂ ਪੈਸੇ ਲੈਣ ਲਈ ਆਪਣਾ ਬੈਂਕ ਖਾਤਾ ਮੁਹੱਈਆ ਕਰਵਾ ਕੇ ਪੈਸੇ ਕਮਾ ਸਕਦਾ ਹੈ। ‘ਚੈਨਲ ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਸਿੰਘ ਨੂੰ ਪਤਾ ਸੀ ਕਿ ਅਜਿਹੀਆਂ ਗਤੀਵਿਧੀਆਂ ਗੈਰ-ਕਾਨੂੰਨੀ ਹਨ। 

ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਭਾਰਤੀ ਮੂਲ ਦਾ ਜੋੜਾ ਕੋਵਿਡ ਲੋਨ ਸਕੀਮ ਧੋਖਾਧੜੀ ਲਈ ਠਹਿਰਾਇਆ ਗਿਆ ਦੋਸ਼ੀ 

ਸਿੰਘ ਨੂੰ ਕਮਿਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਉਹ ਮੰਨ ਗਿਆ। ਸਿੰਘ ਨੂੰ ਹੋਰ ਸਾਥੀਆਂ ਨਾਲ ਇੱਕ ਵਟਸਐਪ ਸਮੂਹ ਨਾਲ ਜੋੜਿਆ ਗਿਆ, ਜਿਸਦੀ ਵਰਤੋਂ ਮਨੀ ਲਾਂਡਰਿੰਗ ਗਤੀਵਿਧੀਆਂ ਨੂੰ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਸੀ ਕਿ ਫੰਡ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਸਨ। ਬਾਅਦ ਵਿੱਚ ਇਸ ਰਕਮ ਨੂੰ ਖਾਤਿਆਂ ਵਿੱਚੋਂ ਹੋਰ ਲੋਕਾਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਦੋ ਕੈਨੇਡੀਅਨ ਵਿਅਕਤੀਆਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਵਪਾਰਕ ਮਾਮਲਿਆਂ ਦੇ ਵਿਭਾਗ (CAD) ਨੇ ਜਾਂਚ ਸ਼ੁਰੂ ਕੀਤੀ ਅਤੇ ਪਾਇਆ ਕਿ ਸਿੰਘ ਦਾ ਬੈਂਕ ਖਾਤਾ ਵੀ ਅਪਰਾਧ ਵਿੱਚ ਵਰਤਿਆ ਗਿਆ ਸੀ। ਇਸ ਕੇਸ ਦੇ ਇਕ ਦੋਸ਼ੀ ਮੁਖਰਜੀ ਸੁਕੰਨਿਆ (24) ਨੇ ਨਵੰਬਰ ਵਿਚ ਆਪਣਾ ਦੋਸ਼ ਕਬੂਲ ਕਰ ਲਿਆ ਸੀ ਅਤੇ ਉਸ ਨੂੰ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਜਦੋਂ ਕਿ ਤੇਨਜਿੰਗ ਉਗਯੇਨ ਲਾਮਾ ਸ਼ੇਰਪਾ (23) ਨੂੰ 40 ਮਹੀਨੇ ਦੀ ਸਜ਼ਾ ਸੁਣਾਈ ਗਈ। ਤੀਰਥ ਸਿੰਘ (22) ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਬਾਕੀ ਮਾਮਲਿਆਂ ਦੀ ਸੁਣਵਾਈ ਪੈਂਡਿੰਗ ਹੈ।


author

Vandana

Content Editor

Related News