ਚੀਨੀ ਮੀਡੀਆ ਦਾ ਦਾਅਵਾ- ਸਰਹੱਦ 'ਤੇ ਭਾਰਤੀ ਤੇ ਚੀਨੀ ਫੌਜੀ ਕਈ ਥਾਵਾਂ ਤੋਂ ਪਿੱਛੇ ਹਟੇ
Wednesday, Jul 29, 2020 - 04:24 PM (IST)
ਬੀਜਿੰਗ- ਚੀਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਤੇ ਚੀਨੀ ਸਰਹੱਦ ਫੌਜੀ ਕਈ ਥਾਵਾਂ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੀ ਬੈਠਕ ਲਈ ਤਿਆਰੀਆਂ ਹੋ ਰਹੀਆਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਮੁਤਾਬਕ ਫਰੰਟਲਾਈਨ 'ਤੇ ਚੀਨੀ ਤੇ ਭਾਰਤੀ ਸਰਹੱਦ ਫੌਜੀਆਂ ਨੇ ਕਈ ਥਾਵਾਂ ਤੋਂ ਆਪਣੀ ਥਾਂ ਛੱਡ ਦਿੱਤੀ ਹੈ। ਵਰਤਮਾਨ ਵਿਚ ਕਮਾਂਡਰ ਪੱਧਰ ਦੀ 5ਵੀਂ ਵਾਰਤਾ ਵਿਚ ਹੋਰ ਮੁੱਦਿਆਂ ਨੂੰ ਸੁਲਝਾਉਣ ਦੀ ਤਿਆਰੀ ਚੱਲ ਰਹੀ ਹੈ।
ਚੀਨੀ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਭਾਰਤ ਤੇ ਚੀਨ ਨੇ ਡਬਲਿਊ. ਐੱਮ. ਸੀ. ਸੀ. ਲਈ 17ਵੀਂ ਬੈਠਕ ਕੀਤੀ ਸੀ ਤੇ ਫੌਜੀਆਂ ਨੂੰ ਪਿੱਛੇ ਹਟਾਉਣ ਲਈ ਸਹਿਮਤੀ ਬਣ ਗਈ। ਬੈਠਕ ਮਗਰੋਂ ਇਹ ਦੱਸਿਆ ਗਿਆ ਕਿ ਚੀਨੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ ਐੱਲ. ਏ. ਸੀ. 'ਤੇ ਸਥਿਤੀ ਨੂੰ ਘੱਟ ਕਰਨ ਲਈ ਇਛੁੱਕ ਨਹੀਂ ਸੀ ਕਿਉਂਕਿ ਉਸ ਕੋਲ ਪੂਰਬੀ ਲੱਦਾਖ ਖੇਤਰ ਲਈ ਅਤੇ ਡੂੰਘੇ ਖੇਤਰਾਂ ਲਈ ਲਗਭਗ 40 ਹਜ਼ਾਰ ਫੌਜੀਆਂ ਦੀ ਤਾਇਨਾਤੀ ਹੈ।
ਭਾਰਤ-ਚੀਨ ਫੌਜੀਆਂ ਵਿਚਕਾਰ ਕਮਾਂਡਰ ਪੱਧਰੀ ਬੈਠਕ ਦਾ ਚੌਥਾ ਦੌਰ 14 ਜੁਲਾਈ ਨੂੰ ਹੋਇਆ ਸੀ। ਇਹ 14 ਜੁਲਾਈ ਨੂੰ ਦੁਪਹਿਰ 11.30 ਵਜੇ ਤੋਂ ਰਾਤ 2 ਵਜੇ ਖਤਮ ਹੋਈ ਸੀ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਕਾਰ 15 ਜੂਨ ਨੂੰ ਗਲਵਾਨ ਘਾਟੀ ਦੀ ਘਟਨਾ ਮਗਰੋਂ ਵਿਵਾਦ ਹੋਰ ਵੱਧ ਗਿਆ ਸੀ।