ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਪਾਕਿਸਤਾਨ ਨੂੰ ਦਿੱਤੀ ਇਹ ਚਿਤਾਵਨੀ
Saturday, Mar 09, 2019 - 10:01 AM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ 'ਚ ਕਾਂਗਰਸ ਦੇ ਭਾਰਤੀ-ਅਮਰੀਕੀ ਮੈਂਬਰ ਐਮੀ ਬੇਰਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਦੇਸ਼ 'ਚ ਮੌਜੂਦ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਨਹੀਂ ਕਰਦਾ ਤਾਂ ਉਹ ਕੌਮਾਂਤਰੀ ਪੱਧਰ 'ਤੇ ਅਲੱਗ-ਥਲੱਗ ਬਣਿਆ ਰਹੇਗਾ। 'ਹਾਊਸ ਫੋਰਨ ਅਫੇਅਰਜ਼ ਸਬ ਕਮੇਟੀ ਆਨ ਓਵਰਸਾਈਟ ਐਂਡ ਇਨਵੈਸਟੀਗੇਸ਼ਨ' ਦੇ ਪ੍ਰਧਾਨ ਬੇਰਾ ਨੇ ਲਿਖਿਆ,''ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਸ਼ੁਰੂ ਕਰਦੇ ਹਨ ਤਾਂ ਅਮਰੀਕੀ ਕਾਂਗਰਸ ਉਸ ਦਾ ਸਾਥ ਦੇਣ ਲਈ ਖੜ੍ਹੀ ਹੈ। ਇਸ ਨਾਲ ਉਨ੍ਹਾਂ ਦੇ ਦੇਸ਼ ਦੀ ਅਰਥ-ਵਿਵਸਥਾ ਵੀ ਮਜ਼ਬੂਤ ਹੋਵੇਗੀ।
ਬੇਰਾ ਨੇ 'ਟਾਈਮ ਫਾਰ ਪਾਕਿਸਤਾਨ ਟੂ ਚਾਰਟ ਏ ਨਿਊ ਕੋਰਸਜ਼' ਤਹਿਤ ਲਿਖਿਆ ਕਿ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਭਾਰਤ ਨੂੰ ਸੌਂਪ ਕੇ ਸਹੀ ਕਦਮ ਚੁੱਕਿਆ। ਉਨ੍ਹਾਂ ਕਿਹਾ,''ਇਸ ਨਾਲ ਖਤਰਨਾਕ ਪੱਧਰ 'ਤੇ ਪੁੱਜ ਚੁੱਕਾ ਤਣਾਅ ਘੱਟ ਹੋਇਆ ਪਰ ਅਜੇ ਵੀ ਕਦਮ ਚੁੱਕਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮੌਕੇ ਦੀ ਵਰਤੋਂ ਦੁਨੀਆ ਦੇ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਸੁਧਾਰਣ ਅਤੇ ਪਾਕਿਸਤਾਨ ਲਈ ਇਕ ਨਵਾਂ ਰਾਹ ਤਿਆਰ ਕਰਨਾ ਚਾਹੀਦਾ ਹੈ।
ਬੇਰਾ ਨੇ ਕਿਹਾ,''ਪ੍ਰਧਾਨ ਮੰਤਰੀ ਖਾਨ ਮਸੂਦ ਅਜ਼ਹਰ ਨੂੰ ਨਿਆਂ ਦੇ ਦਾਇਰੇ 'ਚ ਲਿਆ ਕੇ ਪਾਕਿਸਤਾਨ ਦੀ ਇਮੇਜ ਨੂੰ ਵਧੀਆ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਅੱਤਵਾਦੀਆਂ ਖਿਲਾਫ ਕਾਰਵਾਈ ਨਹੀਂ ਕਰਦਾ ਹੈ ਤਾਂ ਮੈਨੂੰ ਡਰ ਹੈ ਕਿ ਪਾਕਿਸਤਾਨ ਕੌਮਾਂਤਰੀ ਪੱਧਰ 'ਤੇ ਅਲੱਗ-ਥਲੱਗ ਬਣਿਆ ਰਹੇਗਾ, ਜਿਸ ਨਾਲ ਪਾਕਿਸਤਾਨੀ ਲੋਕਾਂ ਲਈ ਆਰਥਿਕ ਮੁਸ਼ਕਲਾਂ ਵਧਣਗੀਆਂ। ਮੈਂ ਚੀਨ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਰਚਨਾਤਮਕ ਭੂਮਿਕਾ ਨਿਭਾਵੇ। ਚੀਨ ਵਲੋਂ ਪਹਿਲਾ ਸਹੀ ਕਦਮ ਇਹ ਹੋਵੇਗਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤੇ ਜਾਣ ਦੇ ਮਾਰਗ ਨੂੰ ਰੋਕਣਾ ਬੰਦ ਕਰੇ।