ਭਾਰਤੀ ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ ਦੇ ਮਾਤਾ-ਪਿਤਾ ਨੂੰ ਹੋਇਆ ਸੀ ਕੋਰੋਨਾ
Wednesday, Apr 28, 2021 - 09:58 AM (IST)
ਵਾਸ਼ਿੰਗਟਨ (ਭਾਸ਼ਾ) : ਭਾਰਤੀ-ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ ਨੇ ਖ਼ੁਲਾਸਾ ਕੀਤਾ ਹੈ ਕਿ ਭਾਰਤ ਵਿਚ ਰਹਿ ਰਹੇ ਉਨ੍ਹਾਂ ਦੇ ਮਾਤਾ-ਪਿਤਾ ਹਾਲ ਹੀ ਕੋਰੋਨਾ ਪਾਜ਼ੇਟਿਵ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਜੈਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਕੋਰੋਨਾ ਦੀ ਮੌਜੂਦਾ ਲਹਿਰ ਦੀ ਸ਼ੁਰੂਆਤ ਵਿਚ ਹੀ ਪਾਜ਼ੇਟਿਵ ਹੋਏ ਸਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੇ ਮਾਤਾ-ਪਿਤਾ ਘਰ ਵਾਪਸ ਆ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।
ਜੈਪਾਲ ਅਜਿਹੀ ਪਹਿਲੀ ਭਾਰਤੀ-ਅਮਰੀਕੀ ਸਾਂਸਦ ਹੈ, ਜੋ ਸੀਏਟਲ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਨੁਮਾਇੰਦਗੀ ਕਰਦੀ ਹੈ। ਉਹ ਹਾਲ ਹੀ ਵਿਚ ਆਪਣੇ ਬੀਮਾਰ ਮਾਤਾ-ਪਿਤਾ ਨੂੰ ਮਿਲਣ ਭਾਰਤ ਆਈ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ‘ਮੇਰੇ ਮਾਤਾ-ਪਿਤਾ ਭਾਰਤ ਵਿਚ ਰਹਿੰਦੇ ਹਨ। ਉਨ੍ਹਾਂ ਦੀ ਉਮਰ ਕਰੀਬ 80 ਅਤੇ 90 ਸਾਲ ਹੈ। ਦੋਵੇਂ ਹੀ ਕੋਵਿਡ-19 ਪਾਜ਼ੇਟਿਵ ਹੋ ਗਏ ਸਨ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਮੇਰੇ ਪਿਤਾ ਨੂੰ ਆਕਸੀਜਨ ਦੀ ਜ਼ਰੂਰਤ ਪਈ ਸੀ।’ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੀ ਸ਼ੁਰੂਆਤ ਵਿਚ ਪਾਜ਼ੇਟਿਵ ਆਏ ਸਨ ਪਰ ਹੁਣ ਉਹ ਘਰ ਵਿਚ ਹਨ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਭਾਰਤ ’ਤੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਬਿਆਨ ਦੀ ਪ੍ਰਸ਼ੰਸਾ ਕਰਦੇ ਹੋਏ ਜੈਪਾਲ ਨੇ ਕਿਹਾ ਕਿ ਚੀਜ਼ਾਂ ਹੁਣ ਸਹੀ ਦਿਸ਼ਾ ਵਿਚ ਜਾ ਰਹੀਆਂ ਹਨ।