ਡੈਮੋਕ੍ਰੇਟਿਕ ਪਾਰਟੀ ਦੇ CEO ਅਹੁਦੇ ਨੂੰ ਛੱਡੇਗੀ ਭਾਰਤੀ ਅਮਰੀਕੀ ਵਕੀਲ ਸੀਮਾ ਨੰਦਾ

04/25/2020 6:17:59 PM

ਵਾਸ਼ਿੰਗਟਨ- ਭਾਰਤੀ ਮੂਲ ਦੀ ਅਮਰੀਕੀ ਵਕੀਲ ਸੀਮਾ ਨੰਦਾ ਨੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀ. ਐੱਨ. ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ( ਸੀ. ਈ. ਓ. ) ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਹ ਮੁੱਖ ਵਿਰੋਧੀ ਦਲ ਦਾ ਉੱਚ ਪ੍ਰਸ਼ਾਸਨਿਕ ਅਹੁਦਾ ਹੈ। 48 ਸਾਲਾ ਨੰਦਾ ਜੂਨ 2018 'ਚ ਡੀ. ਐੱਨ. ਸੀ. ਦੇ ਸੀ. ਈ. ਓ. ਅਹੁਦੇ 'ਤੇ ਪੁੱਜਣ ਵਾਲੀ ਪਹਿਲੀ ਭਾਰਤੀ ਅਮਰੀਕੀ ਸੀ। ਉਨ੍ਹਾਂ ਨੇ ਪਾਰਟੀ ਦੇ ਉੱਚ ਅਹੁਦੇ ਨੂੰ ਛੱਡਣ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਕੀਤਾ। 

'ਦਿ ਵਾਸ਼ਿੰਗਟਨ ਪੋਸਟ ਦੀ ਖਬਰ ਮੁਤਾਬਕ ਨੰਦਾ ਦੇ ਡੀ. ਐੱਨ. ਸੀ. ਚੋਂ ਅਚਾਨਕ ਬਾਹਰ ਹੋਣ ਪਿੱਛੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੀ ਕੋਸ਼ਿਸ਼ ਹੈ। ਉਹ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਚੋਣ ਲਈ ਸੰਭਾਵਿਤ ਉਮੀਦਵਾਰ ਹਨ। ਨੰਦਾ ਦੀ ਥਾਂ ਮੈਰੀ ਬੇਥ ਕੈਹਿਲ ਲਵੇਗੀ ਜੋ ਇਸ ਤੋਂ ਪਹਿਲਾਂ 2004 'ਚ ਜਾਨ ਕੈਰੀ ਦੇ ਰਾਸ਼ਟਰਪਤੀ ਮੁਹਿੰਮ ਦਾ ਪ੍ਰਬੰਧਨ ਸੰਭਾਲ ਚੁੱਕੀ ਹੈ। ਨੰਦਾ ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਕਿਹਾ,"ਦੋ ਸਾਲ ਬਾਅਦ ਮੈਂ ਡੀ. ਐੱਨ. ਸੀ. ਦੇ ਸੀ. ਈ. ਓ. ਦਾ ਅਹੁਦਾ ਛੱਡ ਰਹੀ ਹਾਂ।" 

ਅਮਰੀਕਾ 'ਚ ਨਵੰਬਰ ਮਹੀਨੇ ਬਿਡੇਨ ਤੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸਿੱਧੇ ਮੁਕਾਬਲੇ ਦੀ ਤਿਆਰੀ ਹੈ। ਜ਼ਿਕਰਯੋਗ ਹੈ ਕਿ ਨੰਦਾ ਦੇ ਮਾਂ-ਬਾਪ ਦੰਦਾਂ ਦੇ ਡਾਕਟਰ ਹਨ। ਨੰਦਾ ਕਨੈਕਟਿਕਟ 'ਚ ਪਲੀ ਹੈ ਅਤੇ ਉਸ ਨੇ ਬ੍ਰਾਊਨ ਯੂਨੀਵਰਸਿਟੀ ਤੇ ਬੋਸਟਨ ਕਾਲਜ ਆਫ ਲਾਅ ਤੋਂ ਪੜ੍ਹਾਈ ਕੀਤੀ ਹੈ। ਉਹ ਨਿਆਂ ਵਿਭਾਗ ਦੀ ਨਾਗਰਿਕ ਅਧਿਕਾਰੀ ਇਕਾਈ 'ਚ ਵੀ ਕੰਮ ਕਰ ਚੁੱਕੀ ਹੈ। 


Sanjeev

Content Editor

Related News