ਕੋਰੋਨਾ ਕਾਰਣ ਸ਼ਾਰਜਾਹ ਤੋਂ ਨਾ ਪਰਤ ਸਕਣ ਕਾਰਣ ਭਾਰਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Saturday, Apr 11, 2020 - 07:37 PM (IST)
ਦੁਬਈ(ਭਾਸ਼ਾ)- ਆਪਣੀ ਬੇਟੀ ਨੂੰ ਮਿਲਣ ਸੰਯੁਕਤ ਅਰਬ ਅਮੀਰਾਤ ਗਏ ਪਰ ਕੋਰੋਨਾ ਮਹਾਮਾਰੀ ਕਾਰਣ ਉਡਾਣਾਂ ਰੱਦ ਰਹਿਣ ਨਾਲ ਪਰਤ ਨਾ ਸਕੇ ਭਾਰਤ ਦੇ ਇਕ ਸੇਵਾ ਮੁਕਤ ਕਾਲਜ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਗਲਫ ਨਿਊਜ਼ ਦੀ ਖਬਰ ਹੈ ਕਿ ਐਮ. ਸ਼੍ਰੀ ਕੁਮਾਰ (70) ਅਤੇ ਉਨ੍ਹਾਂ ਦੀ ਪਤਨੀ ਆਪਣੀ ਬੇਟੀ ਨੂੰ ਮਿਲਣ ਲਈ ਕੇਰਲ ਤੋਂ ਸ਼ਾਰਜਾਹ ਗਏ ਸਨ। ਜਿਥੇ ਉਨ੍ਹਾਂ ਦੀ ਬੇਟੀ ਅਧਿਆਪਕਾ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਕੇਰਲ ਪਰਤਣਾ ਸੀ ਪਰ ਉਡਾਣਾਂ ਰੱਦ ਰਹਿਣ ਕਾਰਣ ਅਜਿਹਾ ਸੰਭਵ ਨਹੀਂ ਹੋਇਆ। ਅਖਬਾਰ ਮੁਤਾਬਕ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਛਾਤੀ ’ਚ ਦਰਦ ਹੋਣ ਲੱਗਾ ਅਤੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਰਿਸ਼ਤੇਦਾਰ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਵੇਲੇ ਉਨ੍ਹਾਂ ਦੀ ਮ੍ਰਿਤਕ ਦੇਹ ਕੇਰਲ ਨਹੀਂ ਲਿਜਾ ਸਕੇ। ਇਸ ਲਈ ਪਰਿਵਾਰ ਨੇ ਸ਼ਾਰਜਾਹ ਵਿਚ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਹੈ। ਸ਼੍ਰੀ ਕੁਮਾਰ ਕੇਰਲ ਦੇ ਏਰਨਾਕੁਲਮ ਵਿਚ ਮਹਾਰਾਜਾਜ ਕਾਲਜ ਤੋਂ ਸਟੈਟਿਸਟਿਕਸ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਸਨ।