ਵਿਸ਼ਵ 'ਚ ਟਿਕਾਊ ਭਵਿੱਖ ਬਣਾਉਣ ਲਈ ਅਮਰੀਕਾ-ਭਾਰਤ ਸਾਂਝੇਦਾਰੀ ਅਹਿਮ ਥੰਮ੍ਹ ਹੋਵੇਗੀ: ਤਰਨਜੀਤ ਸੰਧੂ
Tuesday, Mar 08, 2022 - 01:24 PM (IST)
 
            
            ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਸ਼ਵ ਲਈ ਇਕ ਹਰਿਆ ਭਰਿਆ ਅਤੇ ਟਿਕਾਊ ਭਵਿੱਖ ਬਣਾਉਣ ਵਿਚ ਭਾਰਤ-ਅਮਰੀਕਾ ਦੀ ਭਾਈਵਾਲੀ ਮਹੱਤਵਪੂਰਨ ਥੰਮ੍ਹ ਹੋਵੇਗੀ। ਸੰਧੂ ਨੇ ਸੋਮਵਾਰ ਨੂੰ ਨਿਊਜ਼ਵੀਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਲਿਖਿਆ, "ਜਲਵਾਯੂ ਪਰਿਵਰਤਨ ਨਾਲ ਨਜਿੱਠਣ ਸਬੰਧੀ ਕਾਰਵਾਈ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਤਨਾਂ ਦੇ ਤਹਿਤ ਭਾਰਤ ਅਤੇ ਅਮਰੀਕਾ ਦੁਵੱਲੇ, ਬਹੁਪੱਖੀ ਅਤੇ ਗਲੋਬਲ ਪੱਧਰ 'ਤੇ ਮਿਲ ਕੇ ਕੰਮ ਕਰ ਰਹੇ ਹਨ।" ਉਨ੍ਹਾਂ ਕਿਹਾ, 'ਦੁਨੀਆ ਲਈ ਹਰਿਆ ਭਰਿਆ ਅਤੇ ਟਿਕਾਊ ਭਵਿੱਖ ਬਣਾਉਣ ਲਈ ਅਮਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਇਕ ਮਹੱਤਵਪੂਰਨ ਥੰਮ੍ਹ ਹੋਵੇਗੀ।' ਸੰਧੂ ਨੇ ਕਿਹਾ, 'ਭਾਰਤ ਅਤੇ ਅਮਰੀਕਾ ਨੇ ਰਣਨੀਤਕ ਸਵੱਛ ਊਰਜਾ ਭਾਈਵਾਲੀ ਅਤੇ ਜਲਵਾਯੂ ਕਾਰਵਾਈ ਅਤੇ ਵਿੱਤੀ ਪ੍ਰਬੰਧਨ 'ਤੇ ਗੱਲਬਾਤ ਦੇ ਨਾਲ, ਅਪ੍ਰੈਲ 2021 ਵਿਚ 'ਜਲਵਾਯੂ ਅਤੇ ਸਵੱਛ ਊਰਜਾ ਏਜੰਡਾ 2030 ਸਾਂਝੇਦਾਰੀ' ਦੀ ਸ਼ੁਰੂਆਤ ਕੀਤੀ ਸੀ।'
ਇਹ ਵੀ ਪੜ੍ਹੋ: ਪਾਕਿ ਦੀ ਦੁਖਦਾਇਕ ਘਟਨਾ, ਪੁੱਤਰ ਦੀ ਚਾਹਤ 'ਚ ਪਿਓ ਨੇ 7 ਦਿਨਾਂ ਦੀ ਧੀ ਨੂੰ ਮਾਰੀਆਂ 5 ਗੋਲੀਆਂ
ਉਨ੍ਹਾਂ ਕਿਹਾ ਕਿ ਇਨ੍ਹਾਂ ਉਪਾਵਾਂ ਰਾਹੀਂ ਦੋਵੇਂ ਦੇਸ਼ ਫੰਡ ਜੁਟਾਉਣ ਅਤੇ ਸਵੱਛ ਊਰਜਾ ਦੀ ਵਰਤੋਂ ਵਿਚ ਤੇਜ਼ੀ ਲਿਆਉਣ, ਨਵੀਨਤਾਕਾਰੀ ਸਵੱਛ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਸਮਰੱਥਾ ਦਾ ਨਿਰਮਾਣ ਕਰਨਾ ਚਾਹੁੰਦੇ ਹਨ। ਸੰਧੂ ਨੇ ਕਿਹਾ ਕਿ ਭਾਰਤ ਗੈਸ-ਆਧਾਰਿਤ ਈਂਧਨ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਉਹ ਅਮਰੀਕੀ ਐੱਲ.ਐੱਨ.ਜੀ. (ਤਰਲ ਕੁਦਰਤੀ ਗੈਸ) ਲਈ ਪੰਜਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਉਨ੍ਹਾਂ ਕਿਹਾ ਕਿ 'ਭਾਰਤ-ਅਮਰੀਕਾ ਲੋਅ ਐਮੀਸ਼ਨ ਗੈਸ ਟਾਸਕ ਫੋਰਸ' ਰਾਹੀਂ ਦੋਵਾਂ ਦੇਸ਼ਾਂ ਦੇ ਉਦਯੋਗਾਂ ਨੇ ਵਪਾਰਕ ਭਾਈਵਾਲੀ ਬਣਾਈ ਹੈ। ਉਨ੍ਹਾਂ ਨੇ ਲਿਖਿਆ ਕਿ ਅਮਰੀਕੀ ਵਿੱਤੀ ਸੰਸਥਾਵਾਂ ਨੇ ਛੱਤ 'ਤੇ ਸੂਰਜੀ ਊਰਜਾ ਪੈਦਾ ਕਰਨ ਵਾਲੇ ਉਪਕਰਨ ਲਗਾਉਣ ਲਈ ਭਾਰਤ ਦੇ ਛੋਟੇ ਅਤੇ ਦਰਮਿਆਨੇ ਉਦਯੋਗ (SME) ਸੈਕਟਰ ਲਈ ਕ੍ਰੈਡਿਟ ਗਾਰੰਟੀ ਦਾ ਐਲਾਨ ਕੀਤਾ ਹੈ। ਸੰਧੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਰਿਆਲੀ ਵਿਕਾਸ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣਾ ਭਾਰਤ-ਅਮਰੀਕਾ ਭਾਈਵਾਲੀ ਦੇ ਮਹੱਤਵਪੂਰਨ ਥੰਮ੍ਹਾਂ ਵਜੋਂ ਉਭਰੇ ਹਨ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਬਠਿੰਡਾ ਦੇ 22 ਸਾਲਾ ਗੱਭਰੂ ਨੇ ਕੀਤੀ ਖ਼ੁਦਕੁਸ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            