ਭਾਰਤ ਅਤੇ US ਨੇ ਸਰਹੱਦ ਪਾਰ ਅੱਤਵਾਦ ਦੀ ਕੀਤੀ ਨਿੰਦਾ, 26/11 ਹਮਲੇ ਦੇ ਦੋਸ਼ੀਆਂ ’ਤੇ ਕਾਰਵਾਈ ਦੀ ਕੀਤੀ ਅਪੀਲ

Saturday, Sep 25, 2021 - 04:18 PM (IST)

ਭਾਰਤ ਅਤੇ US ਨੇ ਸਰਹੱਦ ਪਾਰ ਅੱਤਵਾਦ ਦੀ ਕੀਤੀ ਨਿੰਦਾ, 26/11 ਹਮਲੇ ਦੇ ਦੋਸ਼ੀਆਂ ’ਤੇ ਕਾਰਵਾਈ ਦੀ ਕੀਤੀ ਅਪੀਲ

ਵਾਸ਼ਿੰਗਟਨ (ਭਾਸ਼ਾ) : ਭਾਰਤ ਅਤੇ ਅਮਰੀਕਾ ਨੇ ਸਰਹੱਦ ਪਾਰ ਅੱਤਵਾਦ ਦੀ ਨਿੰਦਾ ਕੀਤੀ ਹੈ ਅਤੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਸਮੂਹਾਂ ਸਮੇਤ ਸਾਰੇ ਅੱਤਵਾਦੀ ਸਮੂਹਾਂ ਖ਼ਿਲਾਫ਼ ਠੋਸ ਕਾਵਰਾਈ ਕਰਨਗੇ। ਵ੍ਹਾਈਟ ਹਾਊਸ ਵਿਚ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਪਹਿਲੀ ਦੋ-ਪੱਖੀ ਬੈਠਕ ਦੇ ਬਾਅਦ ਜਾਰੀ ਇਕ ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਭਾਰਤ ਗਲੋਬਲ ਅੱਤਵਾਦ ਖ਼ਿਲਾਫ਼ ਸਾਂਝੀ ਲੜਾਈ ਵਿਚ ਇਕੱਠੇ ਖੜ੍ਹੇ ਹਨ।

ਇਹ ਵੀ ਪੜ੍ਹੋ: PM ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਾਹਮਣੇ ਚੁੱਕਿਆ H-1ਬੀ ਵੀਜ਼ਾ ਦਾ ਮੁੱਦਾ

ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰੀਕਾ ਅਤੇ ਭਾਰਤ ‘ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪ੍ਰਸਤਾਵ’ (ਯੂ.ਐੈੱਨ.ਐੈੱਸ.ਜੀ.ਆਰ) 1267 ਪ੍ਰਵਾਨਗੀ ਕਮੇਟੀ ਵੱਲੋਂ ਪਾਬੰਦੀਸ਼ੁਦਾ ਸਮੂਹਾਂ ਸਮੇਤ ਸਾਰੇ ਅੱਤਵਾਦੀ ਸਮੂਹਾਂ ਖ਼ਿਲਾਫ਼ ਠੋਸ ਕਾਰਵਾਈ ਕਰਨਗੇ।’ ਉਨ੍ਹਾਂ ‘ਸਰਹੱਦ ਪਾਰ ਅੱਤਵਾਦ ਦੀ ਨਿੰਦਾ ਕੀਤੀ ਅਤੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸੇ ਵੀ ਰੂਪ ਵਿਚ ਅੱਤਵਾਦੀਆਂ ਦੀ ਪ੍ਰੌਕਸੀ ਇਸਤੇਮਾਲ ਦੀ ਨਿੰਦਾ ਕੀਤੀ ਅਤੇ ਅੱਤਵਾਦੀ ਸਮੂਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਫ਼ੌਜੀ, ਵਿੱਤੀ ਮਦਦ ਨੂੰ ਰੋਕਣ ਦੇ ਮਹੱਤਵ ’ਤੇ ਜ਼ੋਰ ਦਿੱਤਾ।’

ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ਮਗਰੋਂ ਜੋਅ ਬਾਈਡੇਨ ਨੇ ਟਵੀਟ ਕਰ ਆਖੀ ਇਹ ਗੱਲ

ਪਾਕਿਸਤਾਨ ਸਥਿਤ ਕੱਟੜਪੰਥੀ ਮੌਲਾਨਾ ਹਾਫਿਜ ਸਈਦ ਦਾ ਜਮਾਤ-ਉਦ-ਦਾਵਾ (ਜੇ.ਯੂ.ਡੀ.) ਲਸ਼ਕਰ-ਏ-ਤੋਇਬਾ ਦਾ ਮੁੱਖ ਸੰਗਠਨ ਹੈ, ਜੋ 2008 ਦੇ ਮੁੰਬਈ ਹਮਲੇ ਨੂੰ ਅੰਜਾਮ ਦੇਣ ਲਈ ਜ਼ਿੰਮੇਦਾਰ ਰਿਹਾ ਹੈ। ਇਸ ਹਮਲੇ ਵਿਚ 6 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ। ਸਈਦ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀ ਹੈ, ਜਿਸ ’ਤੇ ਅਮਰੀਕਾ ਨੇ 1 ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਪਿਛਲੇ ਸਾਲ 17 ਜੁਲਾਈ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਮਾਤ ਉਦ ਦਾਅਵਾ ਦਾ ਮੁੁੁਖੀ (70) ਲਾਹੌਰ ਦੀ ਉਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਵਿਚ ਬੰਦ ਹੈ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਨਾਲ-ਨਾਲ ਅਫ਼ਗਾਨਿਸਤਾਨ ਸਥਿਤ ਹੱਕਾਨੀ ਨੈਟਵਰਕ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੈੱਨ.ਐੈੱਸ.ਸੀ.) ਪ੍ਰਸਤਾਵ 1267 ਤਹਿਤ ਪਾਬੰਦੀਸ਼ੁਦਾ ਅੱਤਵਾਦੀ ਸੰਸਥਾਵਾਂ ਹਨ, ਜਿਸ ਤਹਿਤ ਆਈ.ਐੈੱਸ.ਆਈ.ਐੈੱਸ. (ਦਾਏਸ਼), ਅਲ-ਕਾਇਦਾ ਅਤੇ ਸਬੰਧਤ ਵਿਅਕਤੀਆਂ, ਸਮੂਹਾਂ, ਸੰਗਠਨਾਂ ਅਤੇ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਾਸ਼ਿੰਗਟਨ ਡੀ.ਸੀ. 'ਚ PM ਮੋਦੀ ਦਾ ਤਿੱਖਾ ਵਿਰੋਧ, ਕਿਸਾਨੀ ਅੰਦੋਲਨ ਦੇ ਹੱਕ 'ਚ ਡਟੇ ਪ੍ਰਵਾਸੀ ਭਾਰਤੀ

ਭਾਰਤ ਨੇ ਵਾਰ-ਵਾਰ ਪਾਕਿਸਤਾਨ ਨੂੰ ਅੱਤਵਾਦੀ ਨੈਟਵਰਕ ਖ਼ਿਲਾਫ਼ ਭਰੋਸੇਯੋਗ, ਪੁਖ਼ਤਾ ਅਤੇ ਨਾ ਬਦਲੀ ਜਾਣ ਵਾਲੀ ਕਾਰਵਾਈ ਕਰਨ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਅਪੀਲ ਕੀਤੀ ਹੈ। ਅਗਸਤ ਦੇ ਮਹੀਨੇ ਵਿਚ ਭਾਰਤ ਦੀ ਪ੍ਰਧਾਨਗੀ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ‘ਅਫ਼ਗਾਨਿਸਤਾਲ ਵਿਚ ਅੱਤਵਾਦ ਦਾ ਮੁਕਾਬਲਾ ਕਰਨ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਇਕ ਮਜ਼ਬੂਤ ਪ੍ਰਸਤਾਵ ਨੂੰ ਸਵੀਕਾਰ ਕੀਤਾ, ਜਿਸ ਵਿਚ ਪ੍ਰਸਤਾਵ 1267 (1999) ਮੁਤਾਬਕ ਨਾਮਜ਼ਦ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਤਾਲਿਬਾਨ ਦੀ ਸਬੰਧਤ ਵਚਨਬੱਧਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News