ਭਾਰਤ-ਅਮਰੀਕਾ ਟਰੱਸਟ : ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਤੇ ਤਕਨੀਕ ਖੇਤਰ ’ਚ ਮਿਲੇਗਾ ਉਤਸ਼ਾਹ
Monday, Feb 17, 2025 - 12:13 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ-ਅਮਰੀਕਾ ਟਰੱਸਟ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਤੇ ਤਕਨੀਕੀ ਖੇਤਰ ਵਿਚ ਸਹਿਯੋਗ ਦਾ ਰਸਤਾ ਸਾਫ ਕਰੇਗਾ, ਜਦੋਂਕਿ ਆਈ. ਐੱਮ. ਈ. ਸੀ. ਢਾਂਚੇ ’ਤੇ ਧਿਆਨ ਕੇਂਦਰਤ ਕਰਨ ਨਾਲ ਬੁਨਿਆਦੀ ਢਾਂਚੇ ਅਤੇ ਆਰਥਿਕ ਗਲਿਆਰਿਆਂ ’ਚ ਸਹਿਯੋਗ ਵਿਚ ਵਾਧਾ ਹੋਵੇਗਾ। ਉਦਯੋਗ ਮਾਹਿਰਾਂ ਨੇ ਇਹ ਉਮੀਦ ਜ਼ਾਹਿਰ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਖਣਿਜਾਂ, ਉੱਨਤ ਸਮੱਗਰੀਆਂ ਤੇ ਫਾਰਮਾਸਿਊਟੀਕਲਜ਼ ਦੀ ਮਜ਼ਬੂਤ ਸਪਲਾਈ ਲੜੀ ਬਣਾਉਣ ’ਤੇ ਜ਼ੋਰ ਦੇਣ ਲਈ ‘ਰਣਨੀਤਕ ਤਕਨੀਕ ਦੀ ਵਰਤੋਂ ਕਰਦੇ ਹੋਏ ਸਬੰਧਾਂ ’ਚ ਤਬਦੀਲੀ’ (ਟਰੱਸਟ) ਪਹਿਲ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ।
ਅਮਰੀਕਾ ’ਚ ਟਰੰਪ-ਮੋਦੀ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਮੁਤਾਬਕ ਦੋਵਾਂ ਦੇਸ਼ਾਂ ਨੇ ਲਿਥੀਅਮ ਤੇ ‘ਦੁਰਲੱਭ ਮਿੱਟੀ’ ਵਰਗੇ ਰਣਨੀਤਕ ਖਣਿਜਾਂ ਲਈ ਮੁੜ-ਪ੍ਰਾਪਤੀ ਤੇ ਪ੍ਰੋਸੈਸਿੰਗ ਪਹਿਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਦੋਵੇਂ ਧਿਰਾਂ ਆਈ. ਐੱਮ. ਈ. ਸੀ. (ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰਾ) ਤੇ ਆਈ2ਯੂ2 ਢਾਂਚੇ ਤਹਿਤ ਆਰਥਿਕ ਗਲਿਆਰਿਆਂ ਤੇ ਸੰਪਰਕ ਬੁਨਿਆਦੀ ਢਾਂਚੇ ’ਤੇ ਵੀ ਮਿਲ ਕੇ ਕੰਮ ਕਰਨਗੀਆਂ। ਭਾਰਤੀ ਇਸਪਾਤ ਸੰਘ (ਆਈ. ਐੱਸ. ਏ.) ਦੀ ਅਪੈਕਸ ਬਾਡੀ ਦੇ ਮੁਖੀ ਅਤੇ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਦੇ ਚੇਅਰਮੈਨ ਨਵੀਨ ਜਿੰਦਲ ਨੇ ਕਿਹਾ,‘‘ਅਹਿਮ ਖਣਿਜਾਂ ਤੇ ਉੱਨਤ ਸਮੱਗਰੀਆਂ ’ਤੇ ‘ਟਰੱਸਟ’ ਦੀ ਪਹਿਲ ਆਰਥਿਕ ਤੇ ਤਕਨੀਕੀ ਸਹਿਯੋਗ ਦੀ ਦਿਸ਼ਾ ’ਚ ਵੱਡਾ ਕਦਮ ਹੈ।
ਆਈ. ਐੱਮ. ਈ. ਸੀ. ਤੇ ਆਈ2ਯੂ2 ਸਮੂਹ ’ਤੇ ਪ੍ਰਧਾਨ ਮੰਤਰੀ ਦਾ ਧਿਆਨ ਗਲੋਬਲ ਸੰਪਰਕ ਲਈ ਰਣਨੀਤਕ ਯਤਨ ਨੂੰ ਦਰਸਾਉਂਦਾ ਹੈ, ਜਿਸ ਨਾਲ ਵੱਖ-ਵੱਖ ਖੇਤਰਾਂ ਵਿਚ ਆਰਥਿਕ ਏਕੀਕਰਨ ਨੂੰ ਉਤਸ਼ਾਹ ਮਿਲਦਾ ਹੈ।
ਭਾਰਤੀ ਸਟੇਨਲੈੱਸ ਸਟੀਲ ਵਿਕਾਸ ਸੰਘ (ਆਈ. ਐੱਸ. ਐੱਸ. ਡੀ. ਏ.) ਦੇ ਮੁਖੀ ਰਾਜਮਣੀ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਅਹਿਮ ਖਣਿਜਾਂ, ਉੱਨਤ ਸਮੱਗਰੀਆਂ ਤੇ ਫਾਰਮਾਸਿਊਟੀਕਲਜ਼ ਲਈ ਮਜ਼ਬੂਤ ਸਪਲਾਈ ਲੜੀ ਬਣਾਉਣ ’ਤੇ ਜ਼ੋਰ ਖਾਸ ਤੌਰ ’ਤੇ ਸਟੇਨਲੈੱਸ ਸਟੀਲ, ਵਿਸ਼ੇਸ਼ ਮਿਸ਼ਰਤ ਧਾਤੂ ਤੇ ਸਵੱਛ ਊਰਜਾ ਵਰਗੇ ਖੇਤਰਾਂ ਵਿਚ ਭਾਰਤ ਦੇ ਉਦਯੋਗਿਕ ਭਵਿੱਖ ਨੂੰ ਯਕੀਨੀ ਬਣਾਉਣ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ।
ਟੈਕਸਮੈਕੋ ਰੇਲ ਐਂਡ ਇੰਜੀਨੀਅਰਿੰਗ ਦੇ ਵਾਈਸ ਚੇਅਰਮੈਨ ਤੇ ਐਗਜ਼ੀਕਿਊਟਿਵ ਡਾਇਰੈਕਟਰ ਇੰਦਰਜੀਤ ਮੁਖਰਜੀ ਨੇ ਕਿਹਾ,‘‘ਲੀਥੀਅਮ ਤੇ ਦੁਰਲੱਭ ਮਿੱਟੀ ਤੱਤਾਂ ਵਰਗੇ ਖਣਿਜਾਂ ਲਈ ਮਜ਼ਬੂਤ ਸਪਲਾਈ ਲੜੀਆਂ ਦੇ ਨਿਰਮਾਣ ਵੱਲ ਧਿਆਨ ਕੇਂਦਰਤ ਕਰਨਾ ਅਹਿਮ ਹੈ ਕਿਉਂਕਿ ਹਰੀ ਊਰਜਾ ਤਬਦੀਲੀ ਤੇ ਇਲੈਕਟ੍ਰਿਕ ਵਾਹਨ (ਈ. ਵੀ.) ਤਕਨੀਕਾਂ ਦੇ ਵਿਕਾਸ ਵਿਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਹੈ। ਬੁਨਿਆਦੀ ਢਾਂਚੇ ਅਤੇ ਰੇਲਵੇ ਵਿਚ ਇਕ ਪ੍ਰਮੁੱਖ ਹਿੱਤਧਾਰਕ ਦੇ ਰੂਪ ’ਚ ਟੈਕਸਮੈਕੋ ਨਿਰਮਾਣ ਤੇ ਪ੍ਰੋਸੈਸਿੰਗ ਤਕਨੀਕਾਂ ’ਚ ਨਵੇਂ ਮੌਕੇ ਪੈਦਾ ਕਰਨ ਲਈ ਇਸ ਸਹਿਯੋਗ ਵਿਚ ਵੱਡੀਆਂ ਸੰਭਾਵਨਾਵਾਂ ਵੇਖਦੀ ਹੈ।’’