ਕੋਵਿਡ-19 ਦੌਰਾਨ ਗ਼ਰੀਬਾਂ ਲਈ ਭਾਰਤ ਦੀਆਂ ਸੇਵਾਵਾਂ ਸ਼ਲਾਘਾਯੋਗ : ਵਿਸ਼ਵ ਬੈਂਕ
Wednesday, Oct 05, 2022 - 01:20 PM (IST)
ਵਾਸ਼ਿੰਗਟਨ : ਬੀਤੇ ਦਿਨੀਂ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਕੋਵਿਡ-19 ਮਹਾਮਾਰੀ ਸੰਕਟ ਦੌਰਾਨ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਸਹਾਇਤਾ ਦਿੱਤੀ ਹੈ, ਉਹ ਅਸਾਧਾਰਨ ਹੈ। ਮਾਲਪਾਸ ਨੇ 'ਗ਼ਰੀਬੀ ਅਤੇ ਆਪਸੀ ਖੁਸ਼ਹਾਲੀ ਰਿਪੋਰਟ' ਜਾਰੀ ਕਰਦੇ ਹੋਏ ਕਿਹਾ ਕਿ ਦੂਜੇ ਦੇਸ਼ਾਂ ਨੂੰ ਵੀ ਵਿਆਪਕ ਸਬਸਿਡੀਆਂ ਦੀ ਬਜਾਏ ਭਾਰਤ ਵਾਂਗ ਨਕਦ ਟ੍ਰਾਂਸਫਰ ਵਰਗੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੀ ਸਭ ਤੋਂ ਵੱਡੀ ਕੀਮਤ ਗ਼ਰੀਬ ਲੋਕਾਂ ਨੂੰ ਚੁਕਾਉਣੀ ਪਈ ਹੈ। ਇਸ ਦੌਰਾਨ ਗ਼ਰੀਬ ਦੇਸ਼ਾਂ ਵਿੱਚ ਗ਼ਰੀਬੀ ਹੋਰ ਵਧੀ ਹੈ ਅਤੇ ਆਰਥਿਕ ਅਸਾਮਾਨਤਾ, ਸਮਾਜਿਕ ਅਸੁਰੱਖਿਆ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਈ ਵਿਕਾਸਸ਼ੀਲ ਅਰਥਵਿਵਸਥਾਵਾਂ ਨੇ ਕੋਵਿਡ-19 ਦੌਰਾਨ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ।
ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ ਇਹ ਬਹੁਤ ਵੱਡੀ ਗੱਲ ਹੈ ਕਿ ਭਾਰਤ ਡਿਜੀਟਲ ਨਕਦ ਟ੍ਰਾਂਸਫਰ ਦੇ ਜ਼ਰੀਏ, ਪੇਂਡੂ ਖੇਤਰਾਂ ਦੇ 85 ਫ਼ੀਸਦੀ ਅਤੇ ਸ਼ਹਿਰੀ ਖੇਤਰਾਂ ਦੇ 69 ਫ਼ੀਸਦੀ ਪਰਿਵਾਰਾਂ ਨੂੰ ਭੋਜਨ ਅਤੇ ਨਕਦ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹੋਇਆ ਹੈ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਸਮਾਜਿਕ ਸੁਰੱਖਿਆ ਕਵਰੇਜ ਵਿੱਚ ਸਭ ਤੋਂ ਵੱਡਾ ਵਿਸਤਾਰ ਕੀਤਾ। ਇਸ ਦੌਰਾਨ ਹੀ ਗ਼ਰੀਬੀ ਰਾਹਤ 'ਤੇ 6 ਬਿਲੀਅਨ ਡਾਲਰ ਖ਼ਰਚ ਕੀਤੇ ਗਏ ਜਿਸ ਨਾਲ ਲਗਭਗ 29 ਮਿਲੀਅਨ ਲੋਕਾਂ ਨੂੰ ਲਾਭ ਹੋਇਆ। ਇਹ ਪਰਿਵਾਰਕ ਆਧਾਰਿਤ ਡਿਜੀਟਲ ਨਕਦ ਟ੍ਰਾਂਸਫਰ ਪ੍ਰਣਾਲੀ ਦੁਆਰਾ ਪ੍ਰਾਪਤ ਕੀਤਾ ਗਿਆ ਹੈ ਅਤੇ ਸੰਭਵ ਹੋਇਆ ਹੈ।
ਮਾਲਪਾਸ ਨੇ ਕਿਹਾ ਵੱਡੀ ਸਬਸਿਡੀਆਂ ਦੀ ਬਜਾਏ ਟਾਰਗੇਟ ਕੈਸ਼ ਟ੍ਰਾਂਸਫਰ ਦੀ ਚੋਣ ਕਰਨੀ ਚਾਹੀਦੀ ਹੈ। ਇਹ ਗ਼ਰੀਬ ਅਤੇ ਕਮਜ਼ੋਰ ਸਮੂਹਾਂ ਦੀ ਸਹਾਇਤਾ ਦੇ ਮਾਮਲੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੈ। ਨਕਦ ਟ੍ਰਾਂਸਫਰ 'ਤੇ 60 ਫ਼ੀਸਦੀ ਤੋਂ ਵੱਧ ਖ਼ਰਚੇ ਹੇਠਲੇ ਵਰਗ ਦੇ 40 ਫ਼ੀਸਦੀ ਲੋਕਾਂ ਤੱਕ ਪਹੁੰਚਦੇ ਹਨ। ਨਕਦ ਟ੍ਰਾਂਸਫਰ ਸਬਸਿਡੀਆਂ ਨਾਲੋਂ ਆਮਦਨੀ ਦੇ ਵਾਧੇ 'ਤੇ ਵਧੇਰੇ ਪ੍ਰਭਾਵ ਪਾਉਂਦਾ ਹੈ।