JNU 'ਚ ਪਡ਼੍ਹ ਚੁੱਕੇ ਹਨ ਅਮਰੀਕਾ 'ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸੰਧੂ

01/28/2020 8:46:46 PM

ਵਾਸ਼ਿੰਗਟਨ/ਨਵੀਂ ਦਿੱਲੀ - ਭਾਰਤ ਦੇ ਸੀਨੀਅਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿਚ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਸੰਧੂ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਵਿਚ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਦੇ ਅਹੁਦੇ 'ਤੇ ਤੈਨਾਤ ਹਨ। ਉਨ੍ਹਾਂ ਦੀ ਨਿਯੁਕਤੀ ਹਰਸ਼ਵਰਧਨ ਸ਼ਿ੍ਰੰਗਲਾ ਦੀ ਥਾਂ 'ਤੇ ਹੋਈ ਹੈ। ਹਰਸ਼ਵਰਧਨ ਹੁਣ ਭਾਰਤ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ। 1988 ਵਿਚ ਭਾਰਤੀ ਵਿਦੇਸ਼ ਸੇਵਾ ਵਿਚ ਚੁਣੇ ਗਏ ਤਰਨਜੀਤ ਸਿੰਘ ਸੰਧੂ ਨੇ ਯੂਕ੍ਰੇਨ ਵਿਚ ਭਾਰਤੀ ਦੂਤਘਰ ਦੀ ਸ਼ੁਰੂਆਤ ਕੀਤੀ ਸੀ। ਉਹ ਸਾਲ 2011 ਤੋਂ 2013 ਤੱਕ ਜਰਮਨੀ ਵਿਚ ਕੌਂਸਲੇਟ ਜਨਰਲ ਵੀ ਰਹਿ ਚੁੱਕੇ ਹਨ।

ਜੇ. ਐਨ. ਯੂ. ਦੇ ਰਹੇ ਹਨ ਵਿਦਿਆਰਥੀ
ਤਰਨਜੀਤ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੇ ਵੱਕਾਰੀ ਕਾਲਜ ਸੈਂਟ ਸਟੀਫੈਂਸ ਤੋਂ ਗ੍ਰੈਜ਼ੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਰਿਲੇਸ਼ਨ ਵਿਚ ਪੋਸਟ ਗ੍ਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। ਤਰਨਜੀਤ ਸਿੰਘ ਦੀ ਪਤਨੀ ਵੀ ਭਾਰਤੀ ਵਿਦੇਸ਼ ਸੇਵਾ ਵਿਚ ਹੀ ਹੈ। ਉਹ ਇਸ ਸਮੇਂ ਇਟਲੀ ਵਿਚ ਭਾਰਤ ਦੀ ਰਾਜਦੂਤ ਹੈ।

ਅਮਰੀਕਾ ਦੇ ਅਨੁਭਵ ਕਾਰਨ ਬਣੇ ਪਹਿਲੀ ਪਸੰਦ
ਸੰਧੂ ਦੇ ਅਮਰੀਕਾ ਵਿਚ ਲੰਬੇ ਸਮੇਂ ਤੱਕ ਕੰਮ ਕਰਨ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਹੈ। ਅਮਰੀਕੀ ਸੰਸਦ ਵਿਚ ਕਈ ਸੰਸਦ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਬਿਹਤਰ ਸਬੰਧ ਹਨ। ਜਦ 1998 ਵਿਚ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਭਾਰਤ 'ਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਸਨ ਉਦੋਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਵਿਚ ਸੰਧੂ ਨੇ ਅਹਿਮ ਰੋਲ ਅਦਾ ਕੀਤਾ ਸੀ। ਹਿੰਦੁਸਤਾਨ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਸੰਧੂ ਉਸ ਟੀਮ ਦਾ ਹਿੱਸਾ ਸੀ ਜੋ ਭਾਰਤ 'ਤੇ ਪਾਬੰਦੀਆਂ ਹਟਾਏ ਜਾਣ ਲਈ ਅਮਰੀਕਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ।


Khushdeep Jassi

Content Editor

Related News