ਅਮਰੀਕਾ 'ਚ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ, ਵਾਸ਼ਿੰਗਟਨ 'ਚ ਰਾਜਦੂਤ ਸੰਧੂ ਨੇ ਲਹਿਰਾਇਆ ਤਿਰੰਗਾ

Tuesday, Aug 16, 2022 - 10:55 AM (IST)

ਅਮਰੀਕਾ 'ਚ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ, ਵਾਸ਼ਿੰਗਟਨ 'ਚ ਰਾਜਦੂਤ ਸੰਧੂ ਨੇ ਲਹਿਰਾਇਆ ਤਿਰੰਗਾ

ਵਾਸਿੰਗਟਨ/ਡੀ.ਸੀ (ਰਾਜ ਗੋਗਨਾ)— ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਇਸ ਸਮਾਗਮ ਨੂੰ ਵਿਦੇਸ਼ਾਂ ਵਿੱਚ ਵੀ ਧੂਮ-ਧਾਮ ਨਾਲ ਮਨਾਇਆ ਗਿਆ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਨਿਊਯਾਰਕ, ਬੋਸਟਨ ਅਤੇ ਨਿਊਜਰਸੀ ਵਿੱਚ ਇਸ ਦਿਹਾੜੇ ਨੂੰ ਮਨਾਉਣ ਦੀਆਂ ਖ਼ਬਰਾਂ ਹਨ। ਸਮਾਰੋਹ ਵਿੱਚ ਬਹੁਤ ਸਾਰੇ ਭਾਰਤੀਆਂ, ਡਾਇਸਪੋਰਾ ਮੈਂਬਰਾਂ, ਅਤੇ ਭਾਰਤ ਦੇ ਦੋਸਤਾਂ ਨੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਇਸ ਮੌਕੇ ਵਰਚੁਅਲ ਹਾਜ਼ਰੀ ਦੀ ਸਹੂਲਤ ਲਈ ਇਕ ਲਾਈਵ ਸਟ੍ਰੀਮ ਵੀ ਕੀਤਾ ਗਿਆ। ਭਾਰਤ ਦੇ ਰਾਜਦੂਤ ਸ: ਤਰਨਜੀਤ ਸਿੰਘ ਸੰਧੂ ਨੇ ਤਿਰੰਗਾ ਲਹਿਰਾਇਆ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਸਮਾਰੋਹ ਦੌਰਾਨ ਮਾਨਯੋਗ ਰਾਸ਼ਟਰਪਤੀ ਜੀ ਦਾ ਸੰਬੋਧਨ ਵੀ ਦੇਖਿਆ ਗਿਆ। 

ਇਹ ਵੀ ਪੜ੍ਹੋ: ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਕੁਵੈਤ 'ਚ ਤਿਰੰਗੇ ਦੇ ਰੰਗ 'ਚ ਰੰਗੀਆਂ ਗਈਆਂ 100 ਬੱਸਾਂ (ਵੀਡੀਓ)

PunjabKesari

 

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਣ ਦੀ ਇੱਛਾ ਰੱਖਦਾ ਹੈ ਅਤੇ ਅਮਰੀਕਾ ਅਗਲੇ 25 ਸਾਲਾਂ ਵਿਚ ਉਸ ਦੀ ਯਾਤਰਾ ਵਿਚ ਇਕ ਮਹੱਤਵਪੂਰਨ ਭਾਈਵਾਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਦੋਵਾਂ ਦੇਸ਼ਾਂ ਅਤੇ ਦੁਨੀਆ ਲਈ ਸਭ ਤੋਂ ਮਹੱਤਵਪੂਰਨ ਸਬੰਧਾਂ ਵਿੱਚੋਂ ਇੱਕ ਬਣ ਗਈ ਹੈ। ਸੰਧੂ ਨੇ ਕਿਹਾ, 'ਜਿਵੇਂ ਕਿ ਭਾਰਤ ਸਕਾਰਾਤਮਕ ਤਰੱਕੀ ਕਰ ਰਿਹਾ ਹੈ, ਤਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਹੋਰ ਕੰਮ ਕਰਨਾ ਹੋਵੇਗਾ। ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਹੈ... ਅਗਲੇ 25 ਸਾਲਾਂ ਦੀ ਯਾਤਰਾ ਨਵੇਂ ਭਾਰਤ ਦਾ ਨਿਰਮਾਣ ਕਰੇਗੀ। ਇਸ 'ਅੰਮ੍ਰਿਤ ਕਾਲ' ਦਾ ਟੀਚਾ ਖੁਸ਼ਹਾਲੀ ਦੀਆਂ ਨਵੀਆਂ ਬੁਲੰਦੀਆਂ 'ਤੇ ਪਹੁੰਚਣਾ ਹੈ।'

ਇਹ ਵੀ ਪੜ੍ਹੋ: ਬੋਸਟਨ 'ਚ ਪਹਿਲੀ ਵਾਰ ਕੱਢੀ ਗਈ ਇੰਡੀਆ ਡੇ ਪਰੇਡ, ਲਹਿਰਾਇਆ ਗਿਆ 220 ਫੁੱਟ ਉੱਚਾ ਝੰਡਾ (ਵੀਡੀਓ)

PunjabKesari

ਸੋਮਵਾਰ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਇੰਡੀਆ ਹਾਊਸ ਵਾਸ਼ਿੰਗਟਨ ਡੀਸੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, 'ਇਸ ਯਾਤਰਾ 'ਚ ਅਮਰੀਕਾ ਭਾਰਤ ਲਈ ਅਹਿਮ ਭਾਈਵਾਲ ਹੋਵੇਗਾ।' ਸੰਧੂ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਈਡੇਨ ਦੀ ਅਗਵਾਈ ਹੇਠ ਭਾਰਤ-ਅਮਰੀਕਾ ਸਬੰਧ ਦੋਵਾਂ ਦੇਸ਼ਾਂ ਅਤੇ ਦੁਨੀਆ ਲਈ ਸਭ ਤੋਂ ਮਹੱਤਵਪੂਰਨ ਬਣ ਗਏ ਹਨ। ਅਸੀਂ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਮਨੁੱਖੀ ਵਿਕਾਸ ਲਈ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀ ਇਸ ਸਬੰਧ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਬਣੇ ਰਹਿਣਗੇ। ਇਸ ਸਮਾਗਮ ਵਿੱਚ ਕੁਚੀਪੁੜੀ, ਓਡੀਸੀ, ਕਥਕ ਅਤੇ ਭਰਤਨਾਟਿਅਮ ਸਮੇਤ ਭਾਰਤੀ ਕਲਾਸੀਕਲ ਡਾਂਸ ਪੇਸ਼ਕਾਰੀ ਦੇ ਨਾਲ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਅਟਲਾਂਟਾ, ਹਿਊਸਟਨ, ਸ਼ਿਕਾਗੋ, ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਿੱਚ ਹੋਰ ਭਾਰਤੀ ਕੌਂਸਲੇਟਾਂ ਵਿੱਚ ਵੀ ਸੁਤੰਤਰਤਾ ਦਿਵਸ ਮਨਾਇਆ ਗਿਆ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

PunjabKesari

ਸੈਨੇਟ ਅਤੇ ਸਦਨ ਦੇ ਸੀਨੀਅਰ ਮੈਂਬਰਾਂ ਸਮੇਤ ਸੰਯੁਕਤ ਰਾਜ ਭਰ ਦੇ ਨੇਤਾਵਾਂ ਅਤੇ ਵਪਾਰ, ਕਲਾ, ਵਿਗਿਆਨ ਆਦਿ ਦੇ ਵਿਭਿੰਨ ਖੇਤਰਾਂ ਦੇ ਪਤਵੰਤਿਆਂ ਨੇ ਇਸ ਮਹੱਤਵਪੂਰਣ ਮੌਕੇ 'ਤੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵੱਖ-ਵੱਖ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ, ਵਪਾਰਕ ਭਾਈਚਾਰੇ ਦੇ ਮੈਂਬਰਾਂ ਅਤੇ ਹੋਰਨਾਂ ਤੋਂ ਇਲਾਵਾ ਇੰਡੋ-ਅਮਰੀਕਨ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਉਪ-ਪ੍ਰਧਾਨ ਬਲਜਿੰਦਰ ਸਿੰਘ ਸੰਮੀ, ਅਤੇ ਮੈਟਰੋਪੁਲੀਟਨ ਇਲਾਕੇ 'ਚ ਵੱਸਦੇ ਭਾਰਤੀਆਂ ਨੇ ਇਸ ਮੌਕੇ ਵਧਾਈਆਂ ਦਿੱਤੀਆਂ।

PunjabKesari

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News