ਭਾਰਤ ਨੇ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੀ 12ਵੀਂ ਖੇਪ ਸੌਂਪੀ
Tuesday, Sep 13, 2022 - 01:39 PM (IST)
ਮਾਸਕੋ (ਏਜੰਸੀ)- ਭਾਰਤ ਨੇ ਰੂਸ ਨਾਲ ਯੁੱਧ ਕਾਰਨ ਆਰਥਿਕ ਤੰਗੀ ਨੂੰ ਘੱਟ ਕਰਨ ਵਿੱਚ ਯੂਰਪੀ ਦੇਸ਼ ਦੀ ਮਦਦ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਸੋਮਵਾਰ ਨੂੰ ਮਨੁੱਖੀ ਸਹਾਇਤਾ ਦੀ 12ਵੀਂ ਖੇਪ ਯੂਕ੍ਰੇਨ ਨੂੰ ਸੌਂਪੀ। ਇਸ ਵਿੱਚ ਜ਼ਰੂਰੀ ਦਵਾਈਆਂ ਅਤੇ ਉਪਕਰਨ ਸ਼ਾਮਲ ਹਨ। ਭਾਰਤ ਨੇ 1 ਮਾਰਚ ਨੂੰ ਪੋਲੈਂਡ ਰਾਹੀਂ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਭੇਜੀ ਸੀ, ਜਿਸ ਵਿਚ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਸ਼ਾਮਲ ਸੀ।
ਖੇਪ ਨੂੰ ਸੌਂਪਣ ਦੀ ਤਸਵੀਰ ਸਾਂਝੀ ਕਰਦੇ ਹੋਏ ਕੀਵ ਵਿੱਚ ਭਾਰਤੀ ਦੂਤਘਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਜਦੂਤ ਹਰਸ਼ ਕੁਮਾਰ ਜੈਨ ਨੇ ਯੂਕਰੇਨ ਦੇ ਉਪ ਸਿਹਤ ਮੰਤਰੀ ਓਲੇਕਸੀ ਏਰੇਮੇਂਕੋ ਨੂੰ ਯੂਕ੍ਰੇਨ ਦੇ ਲੋਕਾਂ ਲਈ ਜ਼ਰੂਰੀ ਦਵਾਈਆਂ ਅਤੇ ਉਪਕਰਣਾਂ ਵਾਲੀ ਭਾਰਤ ਤੋਂ ਮਨੁੱਖੀ ਸਹਾਇਤਾ ਦੀ 12ਵੀਂ ਖੇਪ ਸੌਂਪੀ ਹੈ। ਭਾਰਤ ਨੇ ਯੂਕ੍ਰੇਨ ਵਿਰੁੱਧ ਹਮਲੇ ਲਈ ਰੂਸ ਦੀ ਆਲੋਚਨਾ ਨਹੀਂ ਕੀਤੀ ਹੈ। ਨਵੀਂ ਦਿੱਲੀ ਨੇ ਵਾਰ-ਵਾਰ ਰੂਸੀ ਅਤੇ ਯੂਕ੍ਰੇਨੀ ਪੱਖਾਂ ਨੂੰ ਕੂਟਨੀਤੀ ਅਤੇ ਗੱਲਬਾਤ ਦੇ ਰਾਹ 'ਤੇ ਪਰਤਣ ਦੀ ਅਪੀਲ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਖ਼ਤਮ ਕਰਨ ਲਈ ਸਾਰੇ ਕੂਟਨੀਤਕ ਯਤਨਾਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ।