ਨਿੱਕੀ ਹੈਲੀ ਦਾ ਵੱਡਾ ਬਿਆਨ; ਭਾਰਤ ਰੂਸ ਦੇ ਕਰੀਬ, ਉਸ ਨੂੰ ਅਮਰੀਕੀ ਲੀਡਰਸ਼ਿਪ 'ਤੇ ਨਹੀਂ ਭਰੋਸਾ
Friday, Feb 09, 2024 - 11:18 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਦਾ ਭਾਈਵਾਲ ਤਾਂ ਬਣਨਾ ਚਾਹੁੰਦਾ ਹੈ ਪਰ ਫਿਲਹਾਲ ਉਹ ਅਗਵਾਈ ਕਰਨ ਦੇ ਲਿਹਾਜ਼ ਨਾਲ ਅਮਰੀਕੀਆਂ ’ਤੇ ਭਰੋਸਾ ਨਹੀਂ ਕਰਦਾ। ਭਾਰਤੀ-ਅਮਰੀਕੀ ਹੈਲੀ ਨੇ ਕਿਹਾ ਕਿ ਮੌਜੂਦਾ ਗਲੋਬਲ ਹਾਲਾਤ ਵਿਚ ਭਾਰਤ ਨੇ ਬਹੁਤ ਹੁਸ਼ਿਆਰੀ ਦਿਖਾਈ ਹੈ ਅਤੇ ਰੂਸ ਨਾਲ ਨੇੜਲੇ ਸਬੰਧਾਂ ਨੂੰ ਬਣਾਈ ਰੱਖਿਆ ਹੈ। ਹੈਲੀ ਨੇ 'ਫਾਕਸ ਬਿਜ਼ਨੈੱਸ ਨਿਊਜ਼' ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੌਜੂਦਾ ਸਮੇਂ 'ਚ ਭਾਰਤ ਅਮਰੀਕਾ ਨੂੰ ਕਮਜ਼ੋਰ ਸਮਝਦਾ ਹੈ। ਉਨ੍ਹਾਂ ਕਿਹਾ, 'ਮੈਂ ਵੀ ਭਾਰਤ ਨਾਲ ਕੰਮ ਕੀਤਾ ਹੈ। ਮੈਂ ਮੋਦੀ ਨਾਲ ਗੱਲਬਾਤ ਕੀਤੀ ਹੈ। ਭਾਰਤ ਸਾਡਾ ਭਾਈਵਾਲ ਬਣਨਾ ਚਾਹੁੰਦਾ ਹੈ। ਉਹ ਰੂਸ ਦੇ ਭਾਈਵਾਲ ਨਹੀਂ ਬਣਨਾ ਚਾਹੁੰਦੇ।'
ਇਕ ਸਵਾਲ ਦੇ ਜਵਾਬ ਵਿਚ ਹੈਲੀ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਭਾਰਤ ਸਾਡੀ ਜਿੱਤ ਨੂੰ ਲੈ ਕੇ ਦੁਚਿੱਤੀ ਵਿਚ ਹੈ, ਉਹ ਲੀਡਰਸ਼ਿਪ ਲਈ ਸਾਡੇ ’ਤੇ ਭਰੋਸਾ ਨਹੀਂ ਕਰਦਾ। ਇਸ ਸਮੇਂ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਹਾਂ। ਭਾਰਤ ਨੇ ਹਮੇਸ਼ਾ ਹੁਸ਼ਿਆਰੀ ਨਾਲ ਕੰਮ ਕੀਤਾ ਹੈ ਅਤੇ ਉਸ ਨੇ ਰੂਸ ਨਾਲ ਕਰੀਬੀ ਸਬੰਧ ਬਣਾਈ ਰੱਖੇ, ਕਿਉਂਕਿ ਉਨ੍ਹਾਂ ਨੂੰ ਉੱਥੋਂ ਬਹੁਤ ਸਾਰਾ ਫੌਜੀ ਸਾਜ਼ੋ-ਸਾਮਾਨ ਮਿਲਦਾ ਹੈ।'' ਹੈਲੀ ਨੇ ਕਿਹਾ ਕਿ ਜਦੋਂ ਅਸੀਂ ਦੁਬਾਰਾ ਅਗਵਾਈ ਕਰਾਂਗੇ, ਜਦੋਂ ਅਸੀਂ ਕਮੀਆਂ ਨੂੰ ਦੂਰ ਕਰਾਂਗੇ, ਕਿਸੇ ਸਮੱਸਿਆ ਜਾਂ ਹਾਲਾਤ ਨੂੰ ਸਵੀਕਾਰ ਕਰਨ ਦੀ ਝਿਜਕ ਛੱਡਾਂਗੇ, ਤਾਂ ਹੀ ਸਾਡੇ ਦੋਸਤ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਇਜ਼ਰਾਈਲ, ਜਾਪਾਨ, ਦੱਖਣੀ ਕੋਰੀਆ ਅਜਿਹਾ ਕਰਨਗੇ। ਸਾਰੇ ਅਜਿਹਾ ਹੀ ਕਰਨਾ ਚਾਹੁੰਦੇ ਹਨ। ਜਾਪਾਨ ਨੇ ਚੀਨ ’ਤੇ ਨਿਰਭਰਤਾ ਘੱਟ ਕਰਨ ਲਈ ਅਰਬਾਂ ਡਾਲਰ ਦੀ ਪ੍ਰੋਤਸਾਹਨ ਰਾਸ਼ੀ ਜੁਟਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਵੀ ਚੀਨ ’ਤੇ ਨਿਰਭਰਤਾ ਘਟਾਉਣ ਲਈ ਅਰਬਾਂ ਡਾਲਰ ਦੀ ਪ੍ਰੋਤਸਾਹਨ ਰਾਸ਼ੀ ਇਕੱਠੀ ਕੀਤੀ ਹੈ। ਚੀਨ ਆਰਥਿਕ ਮੋਰਚੇ ’ਤੇ ਕਾਮਯਾਬ ਨਹੀਂ ਹੈ ਅਤੇ ਅਮਰੀਕਾ ਨਾਲ ਜੰਗ ਦੀ ਤਿਆਰੀ ਵਿਚ ਹੈ ਅਤੇ ਇਥੇ ਉਹ (ਚੀਨ) ਗਲਤੀ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।