ਭਾਰਤ ਅਤੇ ਬ੍ਰਿਟੇਨ ਨੇ 'ਯੰਗ ਪ੍ਰੋਫੈਸ਼ਨਲ ਸਕੀਮ' ਤਹਿਤ ਵੀਜ਼ਾ ਪ੍ਰਕਿਰਿਆ ਕੀਤੀ ਸ਼ੁਰੂ

Tuesday, Feb 28, 2023 - 06:23 PM (IST)

ਭਾਰਤ ਅਤੇ ਬ੍ਰਿਟੇਨ ਨੇ 'ਯੰਗ ਪ੍ਰੋਫੈਸ਼ਨਲ ਸਕੀਮ' ਤਹਿਤ ਵੀਜ਼ਾ ਪ੍ਰਕਿਰਿਆ ਕੀਤੀ ਸ਼ੁਰੂ

ਲੰਡਨ (ਭਾਸ਼ਾ)- ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਨਵੀਂ ਯੰਗ ਪ੍ਰੋਫੈਸ਼ਨਲ ਸਕੀਮ (ਵਾਈਪੀਐਸ) ਤਹਿਤ ਅਪਲਾਈ ਕਰਨ ਵਾਲੇ ਬ੍ਰਿਟੇਨ ਦੇ ਨੌਜਵਾਨਾਂ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੇ ਭਾਰਤੀ ਗ੍ਰੈਜੂਏਟਾਂ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਨਵੰਬਰ 'ਚ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਅਤੇ ਬ੍ਰਿਟਿਸ਼ ਨਾਗਰਿਕ ਦੋ ਸਾਲ ਤੱਕ ਇਕ ਦੂਜੇ ਦੇ ਦੇਸ਼ 'ਚ ਰਹਿਣ ਅਤੇ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ। 

ਸਕੀਮ ਦੇ ਤਹਿਤ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਲਈ ਕੁਝ ਮਾਪਦੰਡ ਹਨ, ਜਿਸ ਵਿੱਚ ਬੈਚਲਰ ਡਿਗਰੀ ਹੋਣਾ ਅਤੇ ਉਨ੍ਹਾਂ ਦੇ ਠਹਿਰਣ ਲਈ ਲੋੜੀਂਦੇ ਫੰਡ ਹੋਣਾ ਸ਼ਾਮਲ ਹੈ। ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਟਵਿੱਟਰ 'ਤੇ ਇਸ ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ''ਲਗਭਗ ਇਕ ਮਹੀਨਾ ਪਹਿਲਾਂ ਐਲਾਨੀ ਗਈ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਭਾਰਤ ਅਤੇ ਬ੍ਰਿਟੇਨ ਦੇ ਨੌਜਵਾਨ ਇਕ ਵਾਰ 'ਚ ਦੋ ਸਾਲਾਂ ਲਈ ਇਕ-ਦੂਜੇ ਦੇ ਦੇਸ਼ 'ਚ ਜਾ ਸਕਦੇ ਹਨ।'' ਉਨ੍ਹਾਂ ਕਿਹਾ ਕਿ ''ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਸਕੀਮ 28 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਅਸੀਂ ਇਸਨੂੰ ਯੂਕੇ ਆਉਣ ਵਾਲੇ ਭਾਰਤੀਆਂ ਅਤੇ ਭਾਰਤ ਜਾਣ ਵਾਲੇ ਬ੍ਰਿਟਿਸ਼ ਨਾਗਰਿਕਾਂ ਲਈ ਕ੍ਰਮਵਾਰ ਦਿੱਲੀ ਅਤੇ ਲੰਡਨ ਵਿੱਚ ਇੱਕੋ ਸਮੇਂ ਲਾਂਚ ਕਰਾਂਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਾਸਾ ਨੇ ਮਹਿਲਾ ਵਿਗਿਆਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, 100 ਤੋਂ ਵੱਧ ਪ੍ਰੋਜੈਕਟਾਂ ਦੀ ਕਰੇਗੀ ਕਮਾਂਡ 

ਭਾਰਤੀ ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਬਿਨੈਕਾਰਾਂ ਦੇ ਵੇਰਵਿਆਂ ਦੇ ਨਾਲ ਸੂਚਨਾ ਨੂੰ ਅਪਡੇਟ ਕੀਤਾ ਗਿਆ ਹੈ ਅਤੇ 720 ਪੌਂਡ ਦੀ ਫ਼ੀਸ ਰੱਖੀ ਗਈ ਹੈ। ਅਰਜ਼ੀ ਈ-1 ਵੀਜ਼ਾ ਤਹਿਤ VFS ਗਲੋਬਲ ਵੀਜ਼ਾ ਸੇਵਾ ਪ੍ਰਦਾਤਾ ਰਾਹੀਂ ਕੀਤੀ ਜਾਣੀ ਹੈ। ਹਰੇਕ ਬਿਨੈਕਾਰ ਨੂੰ ਬਿਨੈ-ਪੱਤਰ ਜਮ੍ਹਾਂ ਕਰਨ ਦੇ ਸਮੇਂ ਘੱਟੋ-ਘੱਟ 30 ਦਿਨਾਂ ਦੀ ਮਿਆਦ ਲਈ 2,50,000 ਰੁਪਏ ਦੇ ਬਰਾਬਰ ਫੰਡ ਦਿਖਾਉਣ ਦੀ ਲੋੜ ਹੋਵੇਗੀ। ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਸਫਲ ਬਿਨੈਕਾਰ ਆਪਣੀ ਰਿਹਾਇਸ਼ ਦੌਰਾਨ ਮਨੋਨੀਤ ਖੇਤਰ ਵਿੱਚ ਨੌਕਰੀਆਂ ਲੈ ਸਕਦੇ ਹਨ। ਹਾਲਾਂਕਿ ਰੱਖਿਆ, ਦੂਰਸੰਚਾਰ, ਪੁਲਾੜ ਤਕਨਾਲੋਜੀ, ਰਣਨੀਤਕ ਬੁਨਿਆਦੀ ਢਾਂਚਾ, ਨਾਗਰਿਕ ਹਵਾਬਾਜ਼ੀ, ਮਨੁੱਖੀ ਅਧਿਕਾਰ, ਪਰਮਾਣੂ ਊਰਜਾ ਅਤੇ ਵਾਤਾਵਰਣ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। 

ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ 2400 ਵੀਜ਼ੇ ਪਹਿਲੇ ਪੜਾਅ ਵਿੱਚ ਪਰਸਪਰ ਯੋਜਨਾ ਦੇ ਤਹਿਤ ਯੋਗ ਭਾਰਤੀਆਂ ਨੂੰ ਪ੍ਰਦਾਨ ਕਰੇਗਾ। ਇਸ ਦੀ ਪ੍ਰਕਿਰਿਆ ਮੰਗਲਵਾਰ ਦੁਪਹਿਰ ਤੋਂ ਸ਼ੁਰੂ ਹੋਈ ਅਤੇ 2 ਮਾਰਚ ਤੱਕ ਜਾਰੀ ਰਹੇਗੀ। ਇਸ ਪ੍ਰਕਿਰਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰ ਅਗਲੇ ਪੜਾਅ ਵਿੱਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਸਫਲ ਉਮੀਦਵਾਰ ਨੂੰ ਵੀਜ਼ਾ ਲਈ ਅਰਜ਼ੀ ਦੇਣ ਦੇ ਛੇ ਮਹੀਨਿਆਂ ਦੇ ਅੰਦਰ ਯੂਕੇ ਦੀ ਯਾਤਰਾ ਕਰਨੀ ਹੋਵੇਗੀ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News