ਕੈਲੀਫੋਰਨੀਆ ''ਚ ਹੋਵੇਗੀ ਅਗਲੀ ''ਟੂ ਪਲੱਸ ਟੂ'' ਵਾਰਤਾ

08/22/2019 11:25:49 AM

ਵਾਸ਼ਿੰਗਟਨ— ਭਾਰਤ ਤੇ ਪਾਕਿਸਤਾਨ 'ਚ ਵਧੇ ਹੋਏ ਤਣਾਅ ਦੇ ਵਿਚਕਾਰ ਅਮਰੀਕਾ ਭਾਰਤ ਨਾਲ ਕੈਲੀਫੋਰਨੀਆ 'ਚ ਵੀਰਵਾਰ ਨੂੰ ਟੂ ਪਲੱਸ ਟੂ ਵਾਰਤਾ ਨਾਲ ਸਬੰਧਤ ਬੈਠਕ ਕਰਨ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਬੈਠਕ ਦਾ ਮਕਸਦ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਬੈਠਕ ਦੌਰਾਨ ਦੋਵੇਂ ਪੱਖ ਹਿੰਦ-ਪ੍ਰਸ਼ਾਂਤ ਦੇ ਸਾਂਝੇ ਉਦੇਸ਼ 'ਤੇ ਚਰਚਾ ਨਾਲ ਹੀ ਅਹਿਮ ਡਿਪਲੋਮੈਟਿਕ ਅਤੇ ਸੁਰੱਖਿਆ ਪਹਿਲੂਆਂ 'ਤੇ ਸਹਿਯੋਗ ਵਧਾਉਣ 'ਤੇ ਵਿਚਾਰ ਕਰਨਗੇ।

ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਵਿਚਕਾਰ ਮੰਤਰੀ ਪੱਧਰ ਦੀ ਅਗਲੀ ਟੂ ਪਲੱਸ ਟੂ ਬੈਠਕ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਜਾਵੇਗੀ। ਅਮਰੀਕੀ ਵਫਦ ਦੀ ਅਗਵਾਈ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਜ਼ ਅਤੇ ਹਿੰਦ-ਪ੍ਰਸ਼ਾਂਤ ਮਾਮਲਿਆਂ ਦੇ ਸਹਾਇਕ ਰੱਖਿਆ ਮੰਤਰੀ ਰੈਂਡਲ ਸ਼੍ਰਾਇਵਰ ਸਾਂਝੇ ਤੌਰ 'ਤੇ ਕਰਨਗੇ। ਅਜੇ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਭਾਰਤੀ ਵਫਦ ਦੀ ਅਗਵਾਈ ਕੌਣ ਕਰਨਗੇ। ਇਕ ਅਮਰੀਕੀ ਅਧਿਕਾਰੀ ਨੇ ਬਿਆਨ 'ਚ ਕਿਹਾ ਕਿ ਇਸ ਵਿਚਕਾਰ ਸ਼ੁੱਕਰਵਾਰ ਨੂੰ ਚੌਥੀ ਅਮਰੀਕਾ-ਭਾਰਤ ਸਮੁੰਦਰੀ ਸੁਰੱਖਿਆ ਵਾਰਤਾ ਦੌਰਾਨ ਦੋਵੇਂ ਹੀ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ 'ਚ ਸਮੁੰਦਰੀ ਆਵਾਜਾਈ ਵਿਕਾਸ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਦੇ ਮੁੱਦੇ 'ਤੇ ਚਰਚਾ ਕਰਨਗੇ। ਇਹ ਦੋਵੇਂ ਹੀ ਟੂ ਪਲੱਸ ਟੂ ਨਾਲ ਜੁੜੀਆਂ ਬੈਠਕਾਂ ਅਤੇ ਸਮੁੰਦਰੀ ਸੁਰੱਖਿਆ ਵਾਰਤਾ ਮੋਨਟੇਰੀ ਸਥਿਤ ਨੇਵਲ ਪੋਸਟ ਗ੍ਰੈਜੂਏਟ ਸਕੂਲ 'ਚ ਆਯੋਜਿਤ ਹੋਣਗੀਆਂ। ਇਹ ਵਾਰਤਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਆਗਾਮੀ ਅਮਰੀਕੀ ਯਾਤਰਾ ਲਈ ਆਧਾਰ ਤਿਆਰ ਕਰੇਗੀ।


Related News