ਕੋਰੋਨਾ ਦੀ ਆਫ਼ਤ ਦਰਮਿਆਨ ਵੀ ਭਾਰਤ ਦੀ ਵਪਾਰਕ ਹਾਲਤ ਰਹੀ ਸ਼ਾਨਦਾਰ : ਸੰਯੁਕਤ ਰਾਸ਼ਟਰ
Thursday, May 20, 2021 - 06:32 PM (IST)
ਨਵੀਂ ਦਿੱਲੀ : ਵਿਸ਼ਵ ’ਚ ਫੈਲੀ ਕੋਰੋਨਾ ਦੀ ਲਾਗ ਦੀ ਬੀਮਾਰੀ ਦੇ ਦਰਮਿਆਨ ਵੀ ਭਾਰਤ ਦੀ ਵਪਾਰਕ ਹਾਲਤ ਦੁਨੀਆ ਦੀਆਂ ਹੋਰ ਵੱਡੀਆਂ ਵਿਕਸਿਤ ਅਰਥਵਿਵਸਥਾਵਾਂ ਦੇ ਮੁਕਾਬਲੇ ਕਾਫ਼ੀ ਸ਼ਾਨਦਾਰ ਰਹੀ ਹੈ । ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ਦੀ ਪਹਿਲੀ ਤਿਮਾਹੀ ’ਚ ਵਿਸ਼ਵ ਪੱਧਰੀ ਵਪਾਰ ’ਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ’ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੀਨ ਤੇ ਦੱਖਣੀ ਅਫਰੀਕਾ ਨੇ ਵੀ ਪਹਿਲੀ ਤਿਮਾਹੀ ’ਚ ਪਿਛਲੇ ਸਾਲ ਦੇ ਮੁਕਾਬਲੇ ਚੰਗਾ ਵਪਾਰ ਕੀਤਾ। ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ ਸੰਮੇਲਨ (ਅੰਕਟਾਡ) ਦੀ ਰਿਪੋਰਟ ਅਨੁਸਾਰ ਜਨਵਰੀ-ਮਾਰਚ 2021 ’ਚ ਪਿਛਲੇ ਸਾਲਾਂ ਦੇ ਮੁਕਾਬਲੇ ਭਾਰਤ ਦੇ ਉਤਪਾਦਾਂ ਦੇ ਆਯਾਤ ’ਚ 45 ਫੀਸਦੀ ਦਾ ਤੇਜ਼ੀ ਨਾਲ ਵਾਧਾ ਹੋਇਆ, ਜਦਕਿ ਸੇਵਾਵਾਂ ਦਾ ਆਯਾਤ 14 ਫੀਸਦੀ ਵਧਿਆ। ਇਸੇ ਦੌਰਾਨ ਉਤਪਾਦਾਂ ਦਾ ਨਿਰਯਾਤ ਵੀ 2020 ਦੀ ਤੁਲਨਾ ’ਚ 26 ਫੀਸਦੀ ਵਧਿਆ ਤੇ ਸੇਵਾਵਾਂ ਦੇ ਨਿਰਯਾਤ ’ਚ 2 ਫੀਸਦੀ ਦੀ ਤੇਜ਼ੀ ਆਈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ 2019 ਦੀ ਤੁਲਨਾ ’ਚ ਵੀ ਜ਼ਿਆਦਾ ਕਾਰੋਬਾਰ ਹੋਇਆ ਤੇ ਉਤਪਾਦਾਂ ਦਾ ਆਯਾਤ 10 ਫੀਸਦੀ, ਜਦਕਿ ਸੇਵਾਵਾਂ ਦਾ 2 ਫੀਸਦੀ ਵਧਿਆ। ਨਿਰਯਾਤ ਦੇ ਮੋਰਚੇ ’ਤੇ 2019 ਦੀ ਤੁਲਨਾ ’ਚ ਉਤਪਾਦਾਂ ’ਚ 7 ਫੀਸਦੀ ਦੀ ਤੇਜ਼ੀ ਰਹੀ।
ਅਮਰੀਕਾ, ਭਾਰਤ ਤੇ ਚੀਨ ਨਿਭਾਉਣਗੇ ਮੋਹਰੀ ਭੂਮਿਕਾ
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਸ ਸਾਲ ਵਿਸ਼ਵ ਪੱਧਰੀ ਵਪਾਰ ’ਚ ਸੁਧਾਰ ਦੀ ਅਗਵਾਈ ਅਮਰੀਕਾ ਵਰਗੇ ਵਿਕਸਿਤ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਤੋਂ ਇਲਾਵਾ ਭਾਰਤ ਤੇ ਚੀਨ ਵੀ ਕਰਨਗੇ। ਇਸ ਦੌਰਾਨ ਵਪਾਰ ਦਾ ਮੁੱਲ ਇਸ ਲਈ ਵੀ ਜ਼ਿਆਦਾ ਰਹੇਗਾ ਕਿਉਂਕਿ ਜ਼ਿਆਦਾਤਰ ਕਮੋਡਿਟੀ ’ਚ ਵੀ ਤੇਜ਼ੀ ਆ ਰਹੀ ਹੈ। ਚੀਨ ਦੀ ਅਰਥਵਿਵਸਥਾ ਅੰਦਾਜ਼ੇ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਅੱਗੇ ਵਧ ਸਕਦੀ ਹੈ।
ਬੋਫਾ ਨੇ ਮਹਿੰਗਾਈ ਨੂੰ ਵਾਇਰਸ ਤੋਂ ਵੀ ਖਤਰਨਾਕ ਗਰਦਾਨਿਆ
ਅਮਰੀਕੀ ਬ੍ਰੋਕਰੇਜ ਫਰਮ ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵਾਇਰਸ ਨਹੀਂ, ਬਲਕਿ ਮਹਿੰਗਾਈ ਅਰਥਵਿਵਸਥਾ ਲਈ ਚੁਣੌਤੀ ਬਣ ਸਕਦੀ ਹੈ। ਬੇਫਾ ਦੇ ਸਰਵੇ ’ਚ 3 ਫੀਸਦੀ ਮਾਹਿਰਾਂ ਨੇ ਮਹਿੰਗਾਈ ਨੂੰ ਵਧਦੀ ਸਮੱਸਿਆ ਦੱਸਿਆ, ਜਦਕਿ 69 ਫੀਸਦੀ ਨੇ ਕਿਹਾ ਕਿ ਆਰਥਿਕ ਵਾਧੇ ਨਾਲ ਮਹਿੰਗਾਈ ਵੀ ਵਧੇਗੀ।
ਵਿਸ਼ਵ ਪੱਧਰੀ ਵਪਾਰ ਦੂਜੀ ਤਿਮਾਹੀ ’ਚ 66 ਅਰਬ ਹੋ ਸਕਦੈ : ਅੰਕਟਾਡ
ਅੰਕਟਾਡ ਦੇ ਅਨੁਸਾਰ 2021 ਦੀ ਪਹਿਲੀ ਤਿਮਾਹੀ ’ਚ ਵਿਸ਼ਵ ਪੱਧਰੀ ਕਾਰੋਬਾਰ ’ਚ ਰਿਕਾਰਡ ਸੁਧਾਰ ਆਇਆ ਹੈ। ਇਸ ਦੌਰਾਨ ਸਾਲਾਨਾ ਆਧਾਰ ’ਤੇ ਉਤਪਾਦਾਂ ਤੇ ਸੇਵਾਵਾਂ ਦੇ ਕਾਰੋਬਾਰ ’ਚ 10 ਫੀਸਦੀ ਤੇ ਪਿਛਲੀ ਤਿਮਾਹੀ ’ਚ 4 ਫੀਸਦੀ ਜ਼ਿਆਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ, ਕੋਰੋਨਾ ਦੀ ਪਹਿਲੀ ਲਹਿਰ ਯਾਨੀ 2019 ਦੀ ਪਹਿਲੀ ਤਿਮਾਹੀ ’ਚ ਵੀ 3 ਫੀਸਦੀ ਜ਼ਿਆਦਾ ਵਿਸ਼ਵ ਪੱਧਰੀ ਕਾਰੋਬਾਰ ਰਿਹਾ। ਦੂਸਰੀ ਤਿਮਾਹੀ ’ਚ ਕੁਲ ਵਿਸ਼ਵ ਪੱਧਰੀ ਵਪਾਰ 66 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਹੈ।