ਸਿੰਧੂ ਜਲ ਸਮਝੌਤੇ ''ਤੇ ਭਾਰਤ ਦੀ ਇਕ ਪਾਸੜ ਯੋਜਨਾ ਮੰਜੂਰ ਨਹੀਂ
Wednesday, Aug 30, 2017 - 04:36 AM (IST)

ਇਸਲਾਮਾਬਾਦ— ਪਾਕਿਸਤਾਨ ਨੇ ਮੰਗਲਵਾਰ ਨੂੰ ਕਿਹਾ ਕਿ ਸਿੰਧੂ ਜਲ ਸਮਝੌਤੇ ਦੀਆਂ ਸ਼ਰਤਾਂ ਨੂੰ ਸੋਧ ਕਰਨ ਲਈ ਭਾਰਤ ਦੀ ਕੋਈ ਵੀ ਇਕ ਪਾਸੜ ਯੋਜਨਾ ਮੰਜੂਰ ਨਹੀਂ ਹੋਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਨਵਾਜ਼ ਸ਼ਰੀਫ ਕੈਬਨਿਟ 'ਚ ਜਲ ਅਤੇ ਊਰਜਾ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਸਬੰਧ 'ਚ ਪਾਕਿਸਤਾਨ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਰਿਹਾ ਸੀ।
ਇਸ ਸਮਝੌਤੇ ਦੀਆਂ ਸ਼ਰਤਾਂ ਨੂੰ ਸੋਧਣ ਲਈ ਭਾਰਤ ਦੀ ਇਕ ਪਾਸੜ ਯੋਜਨਾ ਪਾਕਿਸਤਾਨ ਨੂੰ ਸਵੀਕਾਰ ਨਹੀਂ ਹੋਵੇਗੀ। ਆਸਿਫ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਗੱਲਬਾਤ ਦੇ ਜ਼ਰੀਏ ਜਲ ਵੰਡ ਸਬੰਧੀ ਮੁੱਦੇ ਨੂੰ ਸੁਲਝਾਉਣ ਦੀ ਇੱਛਾ ਜ਼ਾਹਿਰ ਕਰਦਾ ਰਿਹਾ ਹੈ ਪਰ ਭਾਰਤ ਜਾਣ-ਬੁੱਝ ਕੇ ਇਸ ਪ੍ਰਸਤਾਵ ਨੂੰ ਸੁਲਝਾਉਣ 'ਚ ਦੇਰੀ ਕਰ ਰਿਹਾ ਹੈ। ਇਸ ਲਈ ਇਸ ਸਮੱਸਿਆ ਨੂੰ ਸੁਲਝਾਉਣ ਲਈ ਵਰਲਡ ਬੈਂਕ ਨੂੰ ਰਚਨਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਸਾਲਾਂ ਤਕ ਗੱਲਬਾਤ ਹੋਣ ਤੋਂ ਬਾਅਦ ਵਰਲਡ ਬੈਂਕ ਦੀ ਮਦਦ ਨਾਲ ਹੀ ਦੋਹਾਂ ਦੇਸ਼ਾਂ ਨੇ 1960 'ਚ ਸਿੰਧੂ ਜਲ ਸਮਝੌਤੇ 'ਤੇ ਦਸਤਖਤ ਕੀਤੇ ਸੀ।