ਭਾਰਤ ਨੇ 25 ਫੀਸਦੀ ਟੈਰਿਫ਼ ਤੋਂ ਬਾਅਦ ਰੂਸ ਨਾਲ ਤੇਲ ਵਪਾਰ ਕੀਤਾ ਬੇਹੱਦ ਘੱਟ : ਬੇਸੈਂਟ
Wednesday, Jan 21, 2026 - 10:38 AM (IST)
ਵਾਸ਼ਿੰਗਟਨ (ਇੰਟ.) : ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਰੂਸ ਤੋਂ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ’ਤੇ 500 ਫੀਸਦੀ ਟੈਰਿਫ਼ ਲਾਉਣ ਦੀ ਗੱਲ ਦੁਹਰਾਉਂਦੇ ਹੋਏ ਭਾਰਤ ਨੂੰ ਹਾਂ-ਪੱਖੀ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ 25 ਫੀਸਦੀ ਟੈਰਿਫ਼ ਤੋਂ ਬਾਅਦ ਰੂਸ ਨਾਲ ਤੇਲ ਵਪਾਰ ਬੇਹੱਦ ਘੱਟ ਕਰ ਦਿੱਤਾ ਹੈ, ਹਾਲਾਂਕਿ ਇਸ ਗੱਲ ਵਿਚ ਬਹੁਤਾ ਦਮ ਨਹੀਂ ਜਾਪਦਾ। ਉਨ੍ਹਾਂ ਸਿੱਧਾ ਚੀਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਲਦ ਹੀ 500 ਫੀਸਦੀ ਟੈਰਿਫ਼ ’ਤੇ ਫੈਸਲਾ ਲਿਆ ਜਾਵੇਗਾ।
ਰੂਸ ਵਿਰੁੱਧ ਪਾਬੰਦੀ ਬਿੱਲ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਕੁਝ ਦੇਸ਼ਾਂ ’ਤੇ 500 ਫੀਸਦੀ ਟੈਰਿਫ਼ ਲਾਏਗਾ। ਯੂਰਪ ਵੀ ਰੂਸ ਤੋਂ ਤੇਲ ਖਰੀਦ ਰਿਹਾ ਹੈ। ਕੁਝ ਸਾਲਾਂ ਬਾਅਦ ਅਜਿਹਾ ਹੋਵੇਗਾ ਕਿ ਉਸ ਦੇ ਖਿਲਾਫ ਹੀ ਜੰਗ ਹੋਵੇਗੀ ਅਤੇ ਯੂਰਪ ਉਸ ਦੀ ਹੀ ਫੰਡਿੰਗ ਕਰੇਗਾ।
ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਮੰਗਲਵਾਰ ਦਿੱਲੀ ਅਤੇ ਬੀਜਿੰਗ ਨਾਲ ਮਾਸਕੋ ਦੇ ਦੁਵੱਲੇ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਰੂਸ-ਭਾਰਤ-ਚੀਨ ਤਿਕੋਣੀ ਗੱਲਬਾਤ ਫਿਰ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਵਿਸ਼ਵ ਵਿਵਸਥਾ ਬਹੁ-ਧਰੁਵੀ ਹੋਣੀ ਚਾਹੀਦੀ ਹੈ।
