ਭਾਰਤ-ਪਾਕਿਸਤਾਨ ''ਕਸ਼ਮੀਰ'' ਮੁੱਦੇ ਨੂੰ ਗੱਲਬਾਤ ਅਤੇ ਵਿਚਾਰ-ਵਟਾਂਦਰੇ ਰਾਹੀਂ ਕਰਨ ਹੱਲ : ਚੀਨ

10/27/2022 6:15:31 PM

ਬੀਜਿੰਗ (ਭਾਸ਼ਾ)- ਚੀਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ ਨੂੰ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਸੁਲਝਾਉਣਾ ਚਾਹੀਦਾ ਹੈ ਅਤੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਵਾਲੀ ‘ਇਕਪਾਸੜ ਕਾਰਵਾਈ’ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇੱਕ ਪਾਕਿਸਤਾਨੀ ਪੱਤਰਕਾਰ ਦੁਆਰਾ ਕਸ਼ਮੀਰ ਮੁੱਦੇ 'ਤੇ ਪੁੱਛੇ ਗਏ ਸਵਾਲ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਚੀਨ ਦੀ ਸਥਿਤੀ ਹਮੇਸ਼ਾ 'ਇੱਕੋ ਅਤੇ ਸਪੱਸ਼ਟ' ਰਹੀ ਹੈ। ਮਾਓ ਨੇ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਤਿਹਾਸ ਦਾ ਬਾਕੀ ਬਚਿਆ ਮੁੱਦਾ ਹੈ ਅਤੇ ਇਸ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ, ਸੰਬੰਧਿਤ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਅਤੇ ਸੰਬੰਧਤ ਦੁਵੱਲੇ ਸਮਝੌਤਿਆਂ ਦੇ ਅਨੁਸਾਰ ਸਹੀ ਢੰਗ ਨਾਲ, ਸ਼ਾਂਤੀਪੂਰਵਕ ਢੰਗ ਨਾਲ ਪ੍ਰਬੰਧਿਤ ਕੀਤਾ ਜਾਣਾ ਚਾਹੀਦਾ ਹੈ। 

ਉਹਨਾਂ ਨੇ ਕਿਹਾ ਕਿ ਸਬੰਧਤ ਪੱਖਾਂ ਨੂੰ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਵਾਲੀ ਇਕਪਾਸੜ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਨਾਲ ਹੀ, ਵਿਵਾਦ ਨੂੰ ਸੁਲਝਾਉਣ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਗੱਲਬਾਤ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਭਾਰਤ ਨੇ ਪਹਿਲਾਂ ਵੀ ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੀ ਦਖਲ ਅੰਦਾਜ਼ੀ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਰਾਜ ਨਾਲ ਸਬੰਧਤ ਮਾਮਲੇ ਪੂਰੀ ਤਰ੍ਹਾਂ ਦੇਸ਼ ਦੇ ਅੰਦਰੂਨੀ ਮਾਮਲੇ ਹਨ। ਵਿਦੇਸ਼ ਮੰਤਰਾਲੇ ਨੇ ਇਸ ਸਾਲ ਮਾਰਚ 'ਚ ਕਿਹਾ ਸੀ ਕਿ ਚੀਨ ਸਮੇਤ ਹੋਰ ਦੇਸ਼ਾਂ ਨੂੰ ਇਸ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਦੇ ਅੰਦਰੂਨੀ ਮੁੱਦਿਆਂ 'ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ, ਨਾਟੋ ਨੇ ਕੀਤਾ ਪ੍ਰਮਾਣੂ ਅਭਿਆਸ, ਪੁਤਿਨ ਨੇ ਦੁਹਰਾਇਆ 'ਡਰਟੀ ਬੰਬ' ਦਾ ਦਾਅਵਾ

ਕਸ਼ਮੀਰ ਮੁੱਦੇ ਅਤੇ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਗਏ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਰਹੇ ਹਨ। ਭਾਰਤ ਨੇ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫ਼ੈਸਲਾ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ਹੋਰ ਵਿਗੜ ਗਏ। ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਜੰਮੂ-ਕਸ਼ਮੀਰ ਹਮੇਸ਼ਾ ਭਾਰਤ ਦਾ ਅਟੁੱਟ ਅੰਗ ਸੀ, ਅਤੇ ਇਹ ਹਮੇਸ਼ਾ ਰਹੇਗਾ।ਭਾਰਤ ਨੇ ਕਿਹਾ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਵਾਤਾਵਰਨ ਵਿਚ ਪਾਕਿਸਤਾਨ ਨਾਲ ਸਧਾਰਨ ਗੁਆਂਢੀ ਸਬੰਧ ਚਾਹੁੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : PM ਮੇਲੋਨੀ ਨੇ ਜਿੱਤਿਆ ਵਿਸ਼ਵਾਸ ਵੋਟ ਪਰ ਪ੍ਰਵਾਸੀਆਂ 'ਚ ਡਰ ਦਾ ਮਾਹੌਲ


Vandana

Content Editor

Related News