ਸਿੱਖ ਜਗਤ ਦੀ ਮਹਾਨ ਸਖਸ਼ੀਅਤ ਸ: ਇੰਦਰਜੀਤ  ਸਿੰਘ ਰੇਖੀ ਨਹੀਂ ਰਹੇ

Wednesday, Oct 09, 2024 - 09:55 AM (IST)

ਵਾਸ਼ਿੰਗਟਨ (ਰਾਜ ਗੋਗਨਾ)- ਸਿੱਖ ਜਗਤ ਦੀ ਮਹਾਨ ਸਖਸ਼ੀਅਤ ਸ: ਇੰਦਰਜੀਤ ਸਿੰਘ ਰੇਖੀ ਬੀਤੀ 6 ਅਕਤੂਬਰ 2024, ਸ਼ਾਮ 4:05 ਵਜੇ ਆਪਣੇ ਗ੍ਰਹਿ ਵਿਖੇ ਪਰਿਵਾਰ ਦੀ ਹਾਜ਼ਰੀ ’ਚ ਆਖਰੀ ਸਾਹ ਲੈਂਦੇ ਹੋਏ ਅਕਾਲ ਪੁਰਖ ਦੇ ਚਰਨਾ ’ਚ ਜਾ ਬਿਰਾਜੇ। ਉਹ ਇਕ ਮਹਾਨ ਗਤੀਸ਼ੀਲ ਸਖਸ਼ੀਅਤ ਸਨ ਅਤੇ ਉਹ ਸਿੱਖ ਜਗਤ ਅਤੇ ਰੇਖੀ ਪਰਿਵਾਰ ਦੇ ਥੰਮ੍ਹ ਮੰਨੇ ਜਾਂਦੇ ਸਨ। ਉਹਨਾਂ ਦਾ ਭਾਰਤ ਵਿਚ ਹੀ ਨਹੀਂ ਅਮਰੀਕਾ ਵਿਚ ਵੀ ਹਰ ਭਾਈਚਾਰੇ ਵਿਚ ਵੱਡਾ ਸਤਿਕਾਰ ਸੀ। ਅਮਰੀਕਾ ਵਿਚ ਉਹਨਾਂ ਸਿੱਖੀ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਜ਼ਿਕਰਯੋਗ ਯਤਨ ਕੀਤੇ। ਉਹਨਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਦੇ ਪ੍ਰਚਾਰ ਲਈ ਆਪਣੇ ਜੀਵਨ ਦਾ ਵੱਡਾ ਹਿੱਸਾ ਲਾਇਆ। ਇਸੇ ਟੀਚੇ ਲਈ ਉਹਨਾਂ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਵਜੋਂ ਲੰਮਾਂ ਸਮਾਂ ਸੇਵਾ ਕੀਤੀ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ

ਉਹਨਾਂ ਦਿੱਲੀ ’ਚ 80 ਦੇ ਦਹਾਕੇ ਵਿਚ ਇਕ ‘ਰਾਜਨੀਤੀ ਸੰਸਾਰ’ ਨਾਮ ਦਾ ਪੰਜਾਬੀ ਅਖ਼ਬਾਰ ਵੀ ਪ੍ਰਕਾਸ਼ਿਤ ਕੀਤਾ ਸੀ। ਇਸ ਅਖਬਾਰ ਨੇ ਤਹਿਲਕਾ ਮਚਾਉਂਦਿਆਂ ਇੰਦਰਾ ਗਾਂਧੀ ਦੇ ਸਿੰਘਾਸਣ ਨੂੰ ਹਿਲਾ ਦਿੱਤਾ ਸੀ ਪਰ ਇਸ ਦਾ ਖ਼ਮਿਆਜ਼ਾ ਉਹਨਾਂ ਨੂੰ 1984 ਦੇ ਦਿੱਲੀ ਦੇ ਸਿੱਖ ਕਤਲੇਆਮ ਵਿਚ ਭੁਗਤਣਾ ਪਿਆ ਜਦੋਂ ਹਮਲਾਵਰਾਂ ਨੇ ਉਹਨਾਂ ਦੇ ਬਿਜ਼ਨਸ ਅਤੇ ਅਖਬਾਰ ਨੂੰ ਤਬਾਹ ਕਰ ਦਿੱਤਾ। ਇਸ ਤੋਂ ਉਪਰੰਤ ਉਹ ਅਮਰੀਕਾ ਪ੍ਰਵਾਸ ਕਰ ਗਏ ਸਨ। ਦੱਸ ਦੇਈਏ ਕਿ ਰੇਖੀ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ  ਸਿੰਘ ਜੱਸੀ ਦੇ ਮਾਮਾ ਜੀ ਸਨ।  ਰੇਖੀ ਸੱਚੇ ਸੁੱਚੇ ਚਰਿੱਤਰ, ਇਮਾਨਦਾਰੀ, ਅਤਿਅੰਤ ਸਿਆਣਪ, ਪਰਉਪਕਾਰੀ, ਅਦਭੁੱਤ ਬੁੱਧੀ, ਪਿਆਰ ਕਰਨ ਅਤੇ ਮੁਆਫ ਕਰਨ ਵਾਲੇ ਸੁਭਾਅ ਦੇ ਵਿਅਕਤੀ ਸਨ ਅਤੇ ਸਭ ਤੋਂ ਵੱਧ, ਉਨ੍ਹਾਂ ਦੀ ਸਿੱਖ ਧਰਮ ਅਤੇ ਗੁਰਸਿੱਖੀ ਪ੍ਰਤੀ ਵਚਨਬੱਧਤਾ ਬੇਮਿਸਾਲ ਸੀ। ਸ: ਰੇਖੀ  ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਸਥਾਵਾਂ ਦੇ ਆਗੂਆਂ ਵਲੋਂ ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ।

ਇਹ ਵੀ ਪੜ੍ਹੋ: ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਤਾਜ ਮਹਿਲ ਦਾ ਦੀਦਾਰ, ਹੋਏ 'ਮੰਤਰਮੁਗਧ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News