ਬੰਗਲਾਦੇਸ਼ ਤੋਂ ਘੁਸਪੈਠ ਦਾ ਵਧਿਆ ਖ਼ਤਰਾ, ਤੱਟ ਰੱਖਿਅਕ ਬਲ ਨੇ ਹੋਰ ਸਖ਼ਤ ਕੀਤੀ ਨਿਗਰਾਨੀ
Wednesday, Aug 14, 2024 - 12:13 AM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਵਿਚ ਤਖ਼ਤਾਪਲਟ ਅਤੇ ਹਾਲ ਹੀ ਵਿਚ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ ਭਾਰਤ ਨੇ ਸਮੁੰਦਰੀ ਮਾਰਗਾਂ ਰਾਹੀਂ ਕਿਸੇ ਵੀ ਘੁਸਪੈਠ ਨੂੰ ਰੋਕਣ ਲਈ ਨਿਗਰਾਨੀ ਵਧਾ ਦਿੱਤੀ ਹੈ। ਭਾਰਤੀ ਕੋਸਟ ਗਾਰਡ ਨੇ ਸਮੁੰਦਰ 'ਚ ਆਪਣੀ ਨਿਗਰਾਨੀ ਹੋਰ ਸਖਤ ਕਰ ਦਿੱਤੀ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਹੈ। ਭਾਰਤੀ ਤੱਟ ਰੱਖਿਅਕ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, "ਬੰਗਲਾਦੇਸ਼ ਵਿਚ ਹਾਲ ਹੀ ਦੀਆਂ ਸਿਆਸੀ ਘਟਨਾਵਾਂ ਅਤੇ ਤੇਜ਼ੀ ਨਾਲ ਬਦਲਦੇ ਹਾਲਾਤ ਦੇ ਮੱਦੇਨਜ਼ਰ ਅਸੀਂ ਸਮੁੰਦਰੀ ਸਰਹੱਦ 'ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਸਮੁੰਦਰੀ ਮਾਰਗਾਂ ਰਾਹੀਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਤੱਟ ਰੱਖਿਅਕ ਬਲ ਦੀਆਂ ਕਈ ਯੂਨਿਟਾਂ ਨੂੰ ਤਾਇਨਾਤ ਕੀਤਾ ਗਿਆ ਹੈ।''
ਤੱਟ ਰੱਖਿਅਕ ਬਲ ਨੇ ਕਿਹਾ ਕਿ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ 'ਤੇ ਆਫਸ਼ੋਰ ਪੈਟਰੋਲ ਵੈਸਲਜ਼ (OPV) ਅਤੇ ਫਾਸਟ ਪੈਟਰੋਲ ਵੈਸਲਜ਼ (FPV) ਨੂੰ ਤਾਇਨਾਤ ਕੀਤਾ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਬੰਗਲਾਦੇਸ਼ ਦੀ ਸਿਆਸੀ ਅਸਥਿਰਤਾ ਤੋਂ ਪੈਦਾ ਹੋਣ ਵਾਲੇ ਸੰਭਾਵੀ ਸੁਰੱਖਿਆ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਆਪਕ ਸੁਰੱਖਿਆ ਉਪਾਅ ਕੀਤੇ ਹਨ। ਇਸ ਕਦਮ ਦਾ ਉਦੇਸ਼ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣਾ ਅਤੇ ਭਾਰਤੀ ਤੱਟਵਰਤੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਇਹ ਵੀ ਪੜ੍ਹੋ : ਰੀਲ ਬਣਾਉਂਦਿਆਂ 6ਵੀਂ ਮੰਜ਼ਿਲ ਤੋਂ ਡਿੱਗੀ ਲੜਕੀ, ਜ਼ਿੰਦਗੀ ਤੇ ਮੌਤ ਵਿਚਾਲੇ ਲੜ ਰਹੀ ਜੰਗ
ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੀ ਨਿਗਰਾਨੀ
ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਸਮੁੰਦਰ 'ਤੇ ਤਾਇਨਾਤ ਸਾਰੀਆਂ ਇਕਾਈਆਂ ਨੂੰ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ 'ਤੇ ਨਜ਼ਰ ਰੱਖਣ ਅਤੇ ਭਾਰਤੀ ਮਛੇਰਿਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਮੁੰਦਰੀ ਸਰਹੱਦ 'ਤੇ ਹੁਣ ਤੱਕ ਕਿਸੇ ਘੁਸਪੈਠ ਦੀ ਗਤੀਵਿਧੀ ਦੀ ਸੂਚਨਾ ਨਹੀਂ ਹੈ, ਅਤੇ ਤੱਟ ਰੱਖਿਅਕਾਂ ਨੇ ਲਗਾਤਾਰ ਨਿਗਰਾਨੀ ਰੱਖਣ ਦਾ ਭਰੋਸਾ ਦਿੱਤਾ ਹੈ।
ਓਡੀਸ਼ਾ ਸਰਕਾਰ ਦੀ ਚੌਕਸੀ
ਇਸ ਤੋਂ ਪਹਿਲਾਂ ਓਡੀਸ਼ਾ ਸਰਕਾਰ ਨੇ ਵੀ ਆਪਣੀ 480 ਕਿਲੋਮੀਟਰ ਲੰਬੀ ਤੱਟਵਰਤੀ 'ਤੇ ਚੌਕਸੀ ਵਧਾ ਦਿੱਤੀ ਹੈ। ਓਡੀਸ਼ਾ, ਜੋ ਕਿ ਬੰਗਲਾਦੇਸ਼ ਤੱਟ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਨੇ ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਵਾਧੂ ਸੁਰੱਖਿਆ ਉਪਾਅ ਕੀਤੇ ਹਨ। ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਸੰਜੇ ਕੁਮਾਰ ਨੇ ਕਿਹਾ, "ਬੰਗਲਾਦੇਸ਼ ਵਿਚ ਅਸ਼ਾਂਤੀ ਦੇ ਦੌਰਾਨ ਬਹੁਤ ਸਾਰੇ ਅਪਰਾਧੀ ਤੱਤ ਜੇਲ੍ਹਾਂ ਤੋਂ ਬਾਹਰ ਆਏ ਹਨ। ਉਹ ਭਾਰਤ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਅਸੀਂ ਆਪਣੇ 18 ਸਮੁੰਦਰੀ ਪੁਲਸ ਸਟੇਸ਼ਨਾਂ ਨੂੰ 'ਹਾਈ ਅਲਰਟ' 'ਤੇ ਰੱਖਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8