ਪਾਕਿ 'ਚ ਮਹਿੰਗਾਈ ਦੀ ਵੱਡੀ ਮਾਰ, ਜੁਲਾਈ ਤੋਂ ਲੋਕਾਂ ਦੀ ਜੇਬ ਹੋਵੇਗੀ ਢਿੱਲੀ

06/13/2019 9:32:40 AM

ਇਸਲਾਮਾਬਾਦ, (ਯੂ. ਐੱਨ.ਆਈ.)— ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਦੇ ਪਹਿਲੇ ਬਜਟ ਵਿਚ ਟੈਕਸਾਂ ਵਿਚ ਵਾਧੇ ਦੇ ਪ੍ਰਸਤਾਵ ਕਾਰਨ ਖਾਣ ਵਾਲੇ ਤੇਲ, ਘਿਓ, ਖੰਡ, ਸੀਮੈਂਟ, ਕਾਰਾਂ, ਸੋਨਾ ਅਤੇ ਚਾਂਦੀ ਮਹਿੰਗੇ ਹੋ ਜਾਣਗੇ। ਪਿਛਲੇ ਸਾਲ ਸੱਤਾ ਵਿਚ ਆਈ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ 2019-20 ਲਈ ਆਪਣਾ ਪਹਿਲਾ ਬਜਟ ਮੰਗਲਵਾਰ ਨੂੰ ਪੇਸ਼ ਕੀਤਾ । ਇਹ ਬਜਟ 1 ਜੁਲਾਈ ਤੋਂ ਲਾਗੂ ਹੋਵੇਗਾ।

ਮਾਲ ਮੰਤਰੀ ਹਮਾਦ ਨੇ 7022 ਅਰਬ ਰੁਪਏ ਦਾ ਬਜਟ ਪੇਸ਼ ਕਰਦੇ ਹੋਏ ਕਈ ਜਿਣਸਾਂ ਅਤੇ ਸਾਮਾਨ ਦੇ ਨਾਲ ਹੀ ਸੀ. ਐੱਨ. ਜੀ. 'ਤੇ ਟੈਕਸ ਵਧਾਉਣ ਦੇ ਪ੍ਰਸਤਾਵ ਰੱਖੇ। ਪਾਕਿਸਤਾਨ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਲੋਕ ਮਹਿੰਗਾਈ ਤੋਂ ਬੇਹੱਦ ਪ੍ਰੇਸ਼ਾਨ ਹਨ। ਬਜਟ ਪ੍ਰਸਤਾਵਾਂ ਵਿਚ ਖੰਡ 'ਤੇ ਟੈਕਸ ਵਧਾਏ ਜਾਣ ਕਾਰਨ ਇਸ ਦੀ ਕੀਮਤ ਸਾਢੇ 3 ਰੁਪਏ ਪ੍ਰਤੀ ਕਿਲੋ ਤੱਕ ਵਧ ਸਕਦੀ ਹੈ। ਖੰਡ 'ਤੇ ਵਿਕਰੀ ਕਰ 8 ਤੋਂ ਵਧਾ ਕੇ 17 ਫੀਸਦੀ ਕੀਤੇ ਜਾਣ ਦਾ ਪ੍ਰਸਤਾਵ ਹੈ।

ਆਰਥਿਕ ਮੰਦਹਾਲੀ ਲਈ ਜ਼ਿੰਮੇਵਾਰ 'ਚੋਰਾਂ' ਨੂੰ ਨਹੀਂ ਬਖਸ਼ਾਂਗੇ : ਇਮਰਾਨ
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਿਆਸਤਦਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਹ ਦੇਸ਼ ਨੂੰ ਬੁਰੀ ਤਰ੍ਹਾਂ ਕਰਜ਼ੇ ਵਿਚ ਡੁਬਾਉਣ ਵਾਲੇ 'ਚੋਰਾਂ' ਨੂੰ ਨਹੀਂ ਬਖਸ਼ਣਗੇ। ਇਮਰਾਨ ਨੇ ਪਿਛਲੇ 10 ਸਾਲਾਂ ਵਿਚ ਵਧੇ ਭਾਰੀ ਕਰਜ਼ਿਆਂ ਦੀ ਜਾਂਚ ਲਈ ਇਕ ਉੱਚ ਅਧਿਕਾਰ ਪ੍ਰਾਪਤ ਕਮਿਸ਼ਨ ਗਠਿਤ ਕਰਨ ਦਾ ਐਲਾਨ ਕੀਤਾ। ਇਮਰਾਨ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਪਾਕਿਸਤਾਨ ਦੇ ਸਿਰ ਚੜ੍ਹਿਆ ਕਰਜ਼ਾ 6 ਹਜ਼ਾਰ ਅਰਬ ਰੁਪਏ ਤੋਂ ਵਧ ਕੇ 30 ਹਜ਼ਾਰ ਅਰਬ ਰੁਪਏ ਤਕ ਪੁੱਜ ਗਿਆ ਹੈ।


Related News