ਰੂਸੀ ਜਾਂਚ ਮਾਮਲੇ ''ਚ ਟਰੰਪ ਤੋਂ ਹੋ ਸਕਦੀ ਹੈ ਪੁੱਛਗਿੱਛ
Tuesday, Jan 09, 2018 - 02:35 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ 'ਚ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲ ਦੇ ਮਾਮਲੇ 'ਚ ਜਾਂਚ ਕਰ ਰਹੇ ਅਮਰੀਕਾ ਦੇ ਵਿਸ਼ੇਸ਼ ਅਧਿਕਾਰੀ ਰਾਬਰਟ ਮੂਲਰ ਦੀ ਟੀਮ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਮੂਲਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਰੂਸ ਦੀ ਸਰਕਾਰ ਨਾਲ ਟਰੰਪ ਦੇ ਪ੍ਰਚਾਰ ਸਲਾਹਕਾਰ ਨੇ ਕੋਈ ਗੰਢਤੁੱਪ ਤਾਂ ਨਹੀਂ ਕੀਤੀ ਸੀ। ਇਸ 'ਚ ਇਸ ਗੱਲ ਦੀ ਵੀ ਕਥਿਤ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਫ.ਬੀ.ਆਈ. ਦੇ ਸਾਬਕਾ ਨਿਦੇਸ਼ਕ ਜੇਮਸ ਕੋਮੀ ਨੂੰ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਖਿਲਾਫ ਜਾਂਚ ਰੋਕਣ ਨੂੰ ਕਹਿ ਕੇ ਨਿਆਇਕ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਫਿਲ ਨੂੰ ਰੂਸੀ ਰਾਜਦੂਤ ਨਾਲ ਗੱਲਬਾਤ ਬਾਰੇ ਵੀ ਐਫ.ਬੀ.ਆਈ. ਨੂੰ ਝੂਠੀ ਸੂਚਨਾ ਦੇਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਟਰੰਪ ਦੀ ਕਾਨੂੰਨੀ ਟੀਮ ਲਿਖਤੀ 'ਚ ਸਵਾਲ-ਜਵਾਬ ਲਈ ਦਬਾਅ ਬਣਾ ਰਹੀ ਹੈ। ਇਸ ਬਾਰੇ ਮੂਲਰ ਦੇ ਦਫਤਰ ਤੋਂ ਕੋਈ ਟਿੱਪਣੀ ਨਹੀਂ ਆਈ ਹੈ। ਵ੍ਹਾਈਟ ਹਾਊਸ ਅਤੇ ਟਰੰਪ ਇਹ ਆਖਦੇ ਆ ਰਹੇ ਹਨ ਕਿ ਉਹ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਉਂਕਿ ਉਨ੍ਹਾਂ ਨੇ ਕੁਝ ਨਹੀਂ ਲੁਕਾਇਆ ਹੈ। ਦਿ ਵਾਲ ਸਟ੍ਰੀਟ ਜਰਨਲ ਨੇ ਲਿਖਿਆ ਹੈ ਕਿ ਟਰੰਪ ਦੀ ਕਾਨੂੰਨੀ ਟੀਮ ਦੇ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਅਤੇ ਮੂਲਰ ਵਿਚਾਲੇ ਮੁਲਾਕਾਤ ਅਖਤਿਆਰੀ ਹੋਵੇਗੀ। ਇਕ ਹੋਰ ਮੀਡੀਆ ਨੇ ਖਬਰ ਦਿੱਤੀ ਹੈ ਕਿ ਟਰੰਪ ਨਾਲ ਮੂਲਰ ਦੀ ਸੰਭਾਵਿਤ ਪੁੱਛਗਿਛ ਤੋਂ ਅਜਿਹਾ ਜਾਪਦਾ ਹੈ ਕਿ ਜਾਂਚ ਹੁਣ ਆਪਣੇ ਆਖਰੀ ਪੜਾਅ ਵਿਚ ਪੁੱਜ ਚੁੱਕੀ ਹੈ।