ਪਾਕਿਸਤਾਨ ’ਚ JAI ਮੁਖੀ ਨੇ ਪਾਰਟੀ ਕਾਰਕੁਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
Thursday, Jun 23, 2022 - 11:11 PM (IST)
ਇਸਲਾਮਾਬਾਦ : ਪਾਕਿਸਤਾਨ ਦੀ ਸਿਆਸੀ ਪਾਰਟੀ ਜਮਾਤ-ਏ-ਇਸਲਾਮੀ (ਜੇ.ਏ.ਆਈ.) ਦੇ ਮੁਖੀ ਸਿਰਾਜੁਲ ਹੱਕ ਨੇ ਆਪਣੇ ਕਾਰਕੁਨ ਅਸਦੁੱਲਾ ਸ਼ਾਹ ਅਤੇ ਉਸ ਦੇ ਸਾਥੀਆਂ ਦੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਡੇਲੀ ਫਰੰਟੀਅਰ ਸਟਾਰ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਮੁੱਖ ਸਕੱਤਰ ਤੇ ਪੁਲਸ ਮੁਖੀ ਖੈਬਰ ਪਖਤੂਨਖਵਾ ਦੇ ਨਾਲ ਇਕ ਫ਼ੋਨ ਕਾਲ ਦੌਰਾਨ ਜੇ. ਏ. ਆਈ. ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਾਹ ਦੇ ਕਤਲ ’ਤੇ ਚੁੱਪ ਨਹੀਂ ਰਹੇਗੀ। ਸ਼ਾਹ ਅਲ-ਖਿਦਮਤ ਫਾਊਂਡੇਸ਼ਨ ਉੱਤਰੀ ਵਜ਼ੀਰਿਸਤਾਨ ਦੇ ਚੇਅਰਮੈਨ ਸਨ। ਸਥਾਨਕ ਮੀਡੀਆ ਨੇ ਦੱਸਿਆ ਕਿ ਐਤਵਾਰ ਨੂੰ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਕਾਰ ’ਤੇ ਗੋਲੀਬਾਰੀ ਕੀਤੀ, ਜਿਸ ’ਚ ਸ਼ਾਹ ਅਤੇ ਇਕ ਸਮਾਜਿਕ ਸੰਗਠਨ ਦੇ ਘੱਟੋ-ਘੱਟ ਚਾਰ ਵਾਲੰਟੀਅਰਾਂ ਦੀ ਮੌਤ ਹੋ ਗਈ।
‘ਡਾਨ’ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਪੁਲਸ ਅਤੇ ਵਸਨੀਕਾਂ ਨੇ ਦੱਸਿਆ ਕਿ ਮਿਰਾਲੀ ਤਹਿਸੀਲ ਦੇ ਹੈਦਰਖੇਲ ਇਲਾਕੇ ’ਚ ਦੋ ਮੋਟਰਸਾੲੀਕਲਾਂ ’ਤੇ ਸਵਾਰ ਅਣਪਛਾਤੇ ਲੋਕਾਂ ਨੇ ਚੱਲਦੀ ਕਾਰ ’ਤੇ ਗੋਲ਼ੀਆਂ ਚਲਾ ਦਿੱਤੀਆਂ ਸਨ। ਸਾਰੇ ਮ੍ਰਿਤਕ ਕਾਰਕੁਨ ਸਮਾਜਿਕ ਸੰਗਠਨ ਯੂਥ ਆਫ ਵਜ਼ੀਰਿਸਤਾਨ ਦਾ ਹਿੱਸਾ ਸਨ। ਇਨ੍ਹਾਂ ਸਾਰਿਆਂ ਦੀ ਪਛਾਣ ਵਕਾਰ ਅਹਿਮਦ ਡਾਵਰ, ਸੁਨੈਦ ਅਹਿਮਦ ਡਾਵਰ, ਅਾਮਦ ਡਾਵਰ ਅਤੇ ਅਸਦੁੱਲਾ ਵਜੋਂ ਹੋਈ ਹੈ। ਫੌਜੀ ਅਾਪਰੇਸ਼ਨ ਜ਼ਰਬ-ਏ-ਅਜ਼ਬ ਦੀ ਸ਼ੁਰੂਆਤ ਤੋਂ ਬਾਅਦ ਬਣੀ ਇਸ ਨੌਜਵਾਨ ਜਥੇਬੰਦੀ ਨੇ ਅੱਤਵਾਦ ਪ੍ਰਭਾਵਿਤ ਖੇਤਰ ’ਚ ਸ਼ਾਂਤੀ ਬਹਾਲੀ ਲਈ ਕੰਮ ਕੀਤਾ ਹੈ। ਜਿਵੇਂ ਕਿ ਡਾਨ ਦੀ ਰਿਪੋਰਟ ਹੈ, ਸੰਗਠਨ ਨੇ ਨਿਸ਼ਾਨਾ ਕਤਲਾਂ ਦੇ ਖ਼ਿਲਾਫ਼ ਪ੍ਰਦਰਸ਼ਨ ਅਤੇ ਧਰਨਾ ਵੀ ਲਗਾਇਆ ਹੈ।