ਪਾਕਿਸਤਾਨ ''ਚ ਆਰਥਿਕ ਸੰਕਟ ਦਰਮਿਆਨ ਸਰਕਾਰ ਨੇ ਬਿੱਲਾਂ, ਤਨਖ਼ਾਹਾਂ ਦੇ ਭੁਗਤਾਨ ''ਤੇ ਲਾਈ ਰੋਕ
Saturday, Feb 25, 2023 - 04:18 PM (IST)
ਇਸਲਾਮਾਬਾਦ (ਭਾਸ਼ਾ)- ਨਕਦੀ ਦੀ ਕਿੱਲਤ ਨਾਲ ਜੂਝ ਰਹੀ ਪਾਕਿਸਤਾਨ ਦੀ ਸਰਕਾਰ ਨੇ ਅਕਾਊਂਟੈਂਟ ਜਨਰਲ ਨੂੰ ਤਨਖ਼ਾਹਾਂ ਸਮੇਤ ਸਾਰੇ ਬਿੱਲਾਂ ਦੀ ਮਨਜ਼ੂਰੀ 'ਤੇ ਰੋਕ ਲਾਉਣ ਦਾ ਹੁਕਮ ਦਿੱਤਾ ਹੈ। ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਅਖ਼ਬਾਰ 'ਦ ਨਿਊਜ਼ ਇੰਟਰਨੈਸ਼ਨਲ' ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਵਿੱਤ ਅਤੇ ਮਾਲ ਮੰਤਰਾਲਾ ਨੇ ਵੀ ਪਾਕਿਸਤਾਨ ਰੈਵੇਨਿਊ ਅਕਾਊਂਟੈਂਟ ਜਨਰਲ (ਏ.ਜੀ.ਪੀ.ਆਰ.) ਨੂੰ ਅਗਲੇ ਹੁਕਮਾਂ ਤੱਕ ਕੇਂਦਰੀ ਮੰਤਰਾਲਿਆਂ/ਸੈਕਸ਼ਨਾਂ ਅਤੇ ਸਬੰਧਤ ਵਿਭਾਗਾਂ ਦੇ ਸਾਰੇ ਬਿੱਲਾਂ ਦੀ ਮਨਜ਼ੂਰੀ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ।
ਅਖ਼ਬਾਰ ਮੁਤਾਬਕ ਦੇਸ਼ ਵਿਚ ਆਰਥਿਕ ਸੰਕਟ ਕਾਰਨ ਸੰਚਾਲਨ ਸਬੰਧੀ ਫੰਡ ਜਾਰੀ ਕਰਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਹਫ਼ਤੇ ਪਹਿਲਾਂ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਕੇ 2.9 ਅਰਬ ਡਾਲਰ ਰਹਿ ਗਿਆ ਸੀ। ਹੁਣ ਇਹ ਥੋੜ੍ਹਾ ਸੁਧਰ ਕੇ 4 ਅਰਬ ਡਾਲਰ ਹੋ ਗਿਆ ਹੈ। ਇਸ ਦੌਰਾਨ, ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਰਾਹਤ ਪੈਕੇਜ ਦੇ 1.1 ਅਰਬ ਡਾਲਰ ਜਾਰੀ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਅਖ਼ਬਾਰ ਦੀ ਇਸ ਰਿਪੋਰਟ 'ਤੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਕਿਹਾ ਕਿ ਇਹ ਖ਼ਬਰ ਗ਼ਲਤ ਵੀ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਖ਼ਬਰ ਦੀ ਪੁਸ਼ਟੀ ਹੋਣ 'ਤੇ ਸਹੀ ਤੱਥ ਦੱਸਣ ਦਾ ਵਾਅਦਾ ਕੀਤਾ। ਸੂਤਰਾਂ ਨੇ ਦੱਸਿਆ ਕਿ ਉਹ ਆਪਣੇ ਬਕਾਇਆ ਬਿੱਲਾਂ ਦੀ ਮਨਜ਼ੂਰੀ ਲਈ ਏ.ਜੀ.ਪੀ.ਆਰ. ਦਫ਼ਤਰ ਗਏ ਸਨ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਮੌਜੂਦਾ ਆਰਥਿਕ ਸੰਕਟ ਕਾਰਨ ਵਿੱਤ ਮੰਤਰਾਲਾ ਨੇ ਉਨ੍ਹਾਂ ਨੂੰ ਤਨਖ਼ਾਹ ਸਮੇਤ ਹੋਰ ਸਾਰੇ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਦਾ ਹੁਕਮ ਦਿੱਤਾ ਹੈ।