ਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਤਹਿਤ ਇਕ ਵਿਦਿਆਰਥੀ ਨੂੰ ਮੌਤ ਦੀ ਸਜ਼ਾ ਤੇ ਦੂਜੇ ਨੂੰ ਉਮਰ ਕੈਦ
Saturday, Mar 16, 2024 - 11:26 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੀ ਇਕ ਅਦਾਲਤ ਨੇ ਈਸ਼ਨਿੰਦਾ ਕਾਨੂੰਨ ਤਹਿਤ ਇਕ 22 ਸਾਲਾ ਵਿਦਿਆਰਥੀ ਨੂੰ ਮੌਤ ਤੇ ਦੂਜੇ ਨਾਬਾਲਿਗ ਵਿਦਿਆਰਥੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿਦਿਆਰਥੀਆਂ ’ਤੇ ਪੈਗੰਬਰ ਮੁਹੰਮਦ ਵਿਰੁੱਧ ਅਪਮਾਨਜਨਕ ਪੋਸਟਾਂ ਤਿਆਰ ਕਰਨ ਅਤੇ ਵਟਸਐਪ ’ਤੇ ਸ਼ੇਅਰ ਕਰਨ ਦਾ ਦੋਸ਼ ਹੈ। ਸੂਤਰਾਂ ਅਨੁਸਾਰ ਪੰਜਾਬ ਦੀ ਇਕ ਜ਼ਿਲਾ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਜਾਂਚ ਵਿਚ ਪਾਇਆ ਗਿਆ ਹੈ ਕਿ ਵਿਦਿਆਰਥੀਆਂ ਨੇ ਪੈਗੰਬਰ ਮੁਹੰਮਦ ਦੀਆਂ ਪਤਨੀਆਂ ਨਾਲ ਸਬੰਧਤ ਇਤਰਾਜ਼ਯੋਗ ਪੋਸਟਾਂ ਕੀਤੀਆਂ ਸਨ। ਅਦਾਲਤ ਨੇ ਕਿਹਾ ਕਿ ਵਿਦਿਆਰਥੀਆਂ ਨੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਈਸ਼ਨਿੰਦਾ ਸਮੱਗਰੀ ਤਿਆਰ ਕੀਤੀ ਸੀ। ਸਮੱਗਰੀ ਨੂੰ ਸਾਂਝਾ ਕਰਨ ਵਾਲੇ ਵਿਦਿਆਰਥੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਕਿਹਾ ਕਿ ਇਸ ਅਪਰਾਧ ਦੇ ਸਮੇਂ ਦੋਸ਼ੀ ਦੀ ਉਮਰ 17 ਸਾਲ ਸੀ, ਇਸ ਲਈ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।
ਸੂਤਰਾਂ ਮੁਤਾਬਕ ਸਾਲ 2022 ’ਚ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਐੱਫ. ਆਈ. ਏ. ਦਾ ਦੋਸ਼ ਹੈ ਕਿ ਜਾਂਚ ਦੌਰਾਨ ਤਿੰਨ ਵੱਖ-ਵੱਖ ਮੋਬਾਈਲ ਫੋਨਾਂ ਤੋਂ ਈਸ਼ਨਿੰਦਾ ਸਮੱਗਰੀ ਮਿਲੀ। ਦੂਜੇ ਪਾਸੇ ਦੋਵਾਂ ਵਿਦਿਆਰਥੀਆਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ। ਸੂਤਰਾਂ ਮੁਤਾਬਕ ਮੌਤ ਦੀ ਸਜ਼ਾ ਪ੍ਰਾਪਤ ਵਿਦਿਆਰਥੀਆਂ ਦੇ ਪਿਤਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਲਾਹੌਰ ਹਾਈ ਕੋਰਟ ’ਚ ਅਪੀਲ ਦਾਇਰ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ’ਚ ਸਿਰ ਅਤੇ ਸਰੀਰ ਨੂੰ ਵੱਖ ਕਰਨ ਦੇ ਨਾਅਰੇ ਲਾਉਣੇ ਆਮ ਗੱਲ ਹੈ। ਈਸ਼ਨਿੰਦਾ ਦੇ ਕਈ ਮਾਮਲਿਆਂ ਵਿਚ ਪਾਕਿਸਤਾਨ ਦੇ ਲੋਕ ਅਦਾਲਤ ਦੁਆਰਾ ਸਜ਼ਾ ਸੁਣਾਉਣ ਤੋਂ ਪਹਿਲਾਂ ਹੀ ਦੋਸ਼ੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਹਨ।
ਪਾਕਿਸਤਾਨ ਵਿਚ ਈਸ਼ਨਿੰਦਾ ਲਈ ਮੌਤ ਦੀ ਸਜ਼ਾ:
ਦਰਅਸਲ ਪਾਕਿਸਤਾਨ ਵਿਚ ਈਸ਼ਨਿੰਦਾ ਨੂੰ ਲੈ ਕੇ ਸਖ਼ਤ ਕਾਨੂੰਨ ਹਨ। ਪਾਕਿਸਤਾਨ ਵਿਚ ਇਸਲਾਮ ਨਾਲ ਜੁੜੇ ਲੋਕਾਂ ਖਿਲਾਫ ਅਪਮਾਨਜਨਕ ਬੋਲਣ ’ਤੇ ਮੌਤ ਦੀ ਸਜ਼ਾ ਹੋ ਸਕਦੀ ਹੈ। ਪਿਛਲੇ ਮਹੀਨੇ ਪਾਕਿਸਤਾਨ ਦੇ ਦੋ ਈਸਾਈ ਭਰਾਵਾਂ ’ਤੇ ਕੁਰਾਨ ਨੂੰ ਅਪਵਿੱਤਰ ਕਹਿਣ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਲੋਕਾਂ ਨੇ 80 ਤੋਂ ਵੱਧ ਈਸਾਈ ਘਰਾਂ ਤੇ 19 ਚਰਚਾਂ ਦੀ ਭੰਨਤੋੜ ਕੀਤੀ ਸੀ।