ਨਿਊਯਾਰਕ ’ਚ ਸਿਟੀ ਬਿਲਡਿੰਗਜ਼ ਵਿਭਾਗ ਨੇ ਬੰਦ ਕੀਤੀ ਸੈਂਕੜੇ ਇਮਾਰਤਾਂ ਦੀ ਉਸਾਰੀ
Monday, Jun 28, 2021 - 11:36 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ ਸ਼ਹਿਰ ’ਚ ਇਸ ਮਹੀਨੇ ਸਿਟੀ ਬਿਲਡਿੰਗਜ਼ ਵਿਭਾਗ ਵੱਲੋਂ 300 ਤੋਂ ਵੱਧ ਉਸਾਰੀ ਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਬਿਲਡਿੰਗ ਇੰਸਪੈਕਟਰਾਂ ਨੇ ਇਨ੍ਹਾਂ ਦੀ ਉਸਾਰੀ ਦੌਰਾਨ ਸੁਰੱਖਿਆ ਦੀ ਉਲੰਘਣਾ ਨੂੰ ਨੋਟਿਸ ਕੀਤਾ ਹੈ। ਸ਼ਹਿਰ ਵਿੱਚ ਇਮਾਰਤਾਂ ਦੀ ਉਸਾਰੀ ਦੌਰਾਨ ਹੁੰਦੀਆਂ ਮੌਤਾਂ ਨੂੰ ਰੋਕਣ ਲਈ ਬਣਾਏ ਗਏ ਡਿਪਾਰਟਮੈਂਟ ਆਫ ਬਿਲਡਿੰਗਜ਼ ਨੇ ਜ਼ੀਰੋ-ਟੌਲਰੈਂਸ ਸੇਫਟੀ ਅਭਿਆਨ ਦੌਰਾਨ 322 ਥਾਵਾਂ, ਜਿਨ੍ਹਾਂ ਵਿੱਚੋਂ ਇੱਕ-ਤਿਹਾਈ ਤੋਂ ਜ਼ਿਆਦਾ ਬਰੁਕਲਿਨ ’ਚ ਸਨ, ਨੂੰ ਬੰਦ ਕਰ ਦਿੱਤਾ ਹੈ। ਇਸ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਉਸਾਰੀ ਨਾਲ ਸਬੰਧਤ ਹਾਦਸਿਆਂ ਵਿੱਚ ਸੱਤ ਉਸਾਰੀ ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਇਕੱਲੇ ਮਈ ਮਹੀਨੇ ਵਿੱਚ ਤਿੰਨ ਸ਼ਾਮਲ ਹਨ।
ਇਨ੍ਹਾਂ ਮਾਰੇ ਗਏ ਲੋਕਾਂ ਵਿੱਚ 32 ਸਾਲਾ ਕੁਈਨਜ਼ ਨਿਵਾਸੀ ਡਿਆਗੋ ਲਿਲੀਗੁਇਕੋਟਾ ਵੀ ਸ਼ਾਮਲ ਹੈ, ਜੋ ਲੋਂਗ ਆਈਲੈਂਡ ਸਿਟੀ ਇਮਾਰਤ ਦੀ ਛੇਵੀਂ ਮੰਜ਼ਿਲ 'ਤੇ ਕੰਮ ਕਰ ਰਿਹਾ ਸੀ, ਜਦੋਂ ਉਹ 22 ਮਈ ਨੂੰ ਇੱਕ ਐਲੀਵੇਟਰ ਸ਼ੈਫਟ ਤੋਂ ਹੇਠਾਂ ਡਿੱਗ ਗਿਆ ਸੀ। ਅੰਕੜਿਆਂ ਅਨੁਸਾਰ 2020 ਵਿੱਚ ਉਸਾਰੀ ਹਾਦਸਿਆਂ ਵਿੱਚ ਅੱਠ ਕਾਮਿਆਂ ਦੀ ਮੌਤ ਹੋ ਗਈ ਸੀ, ਜਦਕਿ 2019 ਵਿੱਚ 12 ਉਸਾਰੀ ਕਾਮਿਆਂ ਨੇ ਆਪਣੀ ਜਾਨ ਗੁਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੌਤਾਂ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੌਰਾਨ ਤਕਰੀਬਨ 1,097 ਉਸਾਰੀ ਕਾਮੇ ਜ਼ਖ਼ਮੀ ਹੋਏ ਹਨ। ਪਿਛਲੇ ਸਾਲ ਨਿਰਮਾਣ ਨਾਲ ਸਬੰਧਤ 502 ਕਾਮਿਆਂ ਦੇ ਸੱਟਾਂ ਲੱਗੀਆਂ ਅਤੇ 2019 ਵਿੱਚ ਇਹ ਗਿਣਤੀ 595 ਸੀ।
ਵਿਭਾਗ ਅਨੁਸਾਰ ਜੇਕਰ ਇੰਸਪੈਕਟਰ ਇਹ ਨਿਰਧਾਰਤ ਕਰਦੇ ਹਨ ਕਿ ਕੰਮ ਦੌਰਾਨ ਕਰਮਚਾਰੀਆਂ ਨੇ ਪੂਰੇ ਸੁਰੱਖਿਆ ਉਪਕਰਨ ਨਹੀਂ ਪਹਿਨੇ ਹਨ ਜਾਂ ਠੇਕੇਦਾਰ ਆਪਣੀ ਸਾਈਟ ਦੀ ਸੁਰੱਖਿਆ ਦੀਆਂ ਯੋਜਨਾਵਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਜਾਂ ਹੋਰ ਸੁਰੱਖਿਆ ਸਾਧਨਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਜਿਸ ਨਾਲ ਕਰਮਚਾਰੀਆਂ ਨਾਲ ਹਾਦਸੇ ਹੋ ਸਕਦੇ ਹਨ। ਇਸ ਵਜ੍ਹਾ ਕਰਕੇ ਉਸਾਰੀ ਦੇ ਕੰਮਾਂ ਨੂੰ ਰੋਕਿਆ ਜਾ ਸਕਦਾ ਹੈ। ਇਸਦੇ ਇਲਾਵਾ ਵੱਡੀਆਂ ਇਮਾਰਤਾਂ ਦੀ ਉਸਾਰੀ ਲਈ ਕਰਮਚਾਰੀਆਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ ਨਵੇਂ ਉਸਾਰੀ ਸੁਰੱਖਿਆ ਬਿੱਲਾਂ ਨੂੰ ਵੀ ਲਾਗੂ ਕਰਨ ਦੀ ਤਜਵੀਜ਼ ਕੀਤੀ ਗਈ ਹੈ, ਜਿਨ੍ਹਾਂ ਦੀ ਸੁਣਵਾਈ ਅਗਲੇ ਮਹੀਨੇ ਕੀਤੀ ਜਾਵੇਗੀ।