ਇਟਲੀ : ਪੰਜਾਬ ਦੀ ਧੀ ਪਰਨੀਤ ਕੌਰ ਨੇ ਹਾਸਲ ਕੀਤੇ 100 ਫੀਸਦੀ ਅੰਕ, ਰੌਸ਼ਨ ਕੀਤਾ ਪਰਿਵਾਰ ਤੇ ਦੇਸ਼ ਦਾ ਨਾਮ

07/19/2021 4:18:15 PM

ਰੋਮ/ਇਟਲੀ (ਕੈਂਥ): ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਜਾ ਕੇ ਵੱਸਦੇ ਹੋਣ, ਉਹ ਮਿਹਨਤ, ਲਗਨ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਦੇ ਝੰਡੇ ਜ਼ਰੂਰ ਬੁਲੰਦ ਕਰਦੇ ਹਨ। ਹੁਣ ਭਾਰਤੀ ਭਾਈਚਾਰੇ ਦੀ ਨਵੀਂ ਪੀੜ੍ਹੀ ਦੇ ਬੱਚੇ ਵੀ ਉਨ੍ਹਾਂ ਦੀਆਂ ਪੈੜਾਂ 'ਤੇ ਚੱਲ ਕੇ ਵੱਖ ਵੱਖ ਦੇਸ਼ਾਂ ਵਿੱਚ ਵਿੱਦਿਅਕ ਅਤੇ ਖੇਡਾਂ ਵਿੱਚ ਦਿਨ ਭਰ ਦਿਨ ਪ੍ਰਸਿੱਧੀ ਹਾਸਲ ਕਰ ਰਹੇ ਹਨ। ਜੇਕਰ ਗੱਲ ਕਰੀਏ ਇਟਲੀ ਦੀ ਤਾਂ ਪਿਛਲੇ ਦਿਨੀਂ ਇਟਲੀ ਵਿੱਚ ਆਏ ਵਿੱਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿੱਥੇ ਲਗਾਤਾਰ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ, ਉੱਥੇ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸ਼ਨ ਹੋ ਰਿਹਾ ਹੈ।

PunjabKesari

ਪਰਨੀਤ ਕੌਰ ਮੱਲ੍ਹੀ ਇਟਲੀ ਦੇ ਸੂਬਾ ਅਬਰੂਸੋ ਦੇ ਜ਼ਿਲ੍ਹਾ ਕੇਈਤੀ ਦੇ ਕਸਬਾ ਸੰਤੇ ਉਸਾਨੀਓ ਦੈਂਲ ਸਾਨਗਰੋ ਵਿਖੇ ਪਿਤਾ ਗੁਰਵਿੰਦਰ ਸਿੰਘ ਮੱਲ੍ਹੀ ਅਤੇ ਮਾਤਾ ਸਰਬਜੀਤ ਕੌਰ ਮੱਲ੍ਹੀ, ਵੱਡੀ ਭੈਣ ਹਰਸਿਮਰਨਜੀਤ ਕੌਰ ਅਤੇ ਭਰਾ ਗੁਰਨੂਰ ਸਿੰਘ ਨਾਲ ਪਰਿਵਾਰ ਸਮੇਤ ਰਹਿ ਰਹੀ ਹੈ।ਪਰਨੀਤ ਕੌਰ ਮੱਲ੍ਹੀ 2015 ਵਿੱਚ ਆਪਣੀ ਮਾਤਾ ਨਾਲ ਆਪਣੇ ਪਿਤਾ ਕੋਲ ਇਟਲੀ ਵਿੱਚ ਆਈ ਸੀ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਰਨੀਤ ਕੌਰ ਮੱਲ੍ਹੀ ਦੇ ਪਿਤਾ ਗੁਰਵਿੰਦਰ ਸਿੰਘ ਮੱਲ੍ਹੀ ਅਤੇ ਮਾਤਾ ਸਰਬਜੀਤ ਕੌਰ ਮੱਲ੍ਹੀ ਨੇ ਕਿਹਾ ਕਿ ਸਾਡੀ ਲਾਡਲੀ ਧੀ ਜ਼ੋ ਕਿ ਸਕੋਲਾ ਮੈਦੀਆ ਸਤਾਂਤਾਲੈ ਦੀ ਸੰਤੇ ਉਸਾਨੀਓ ਦੈਂਲ ਸਾਨਗਰੋ ਵਿਖੇ ਤੇਰਸਾ ਮੈਦੀਆ (8ਵੀਂ ਜਮਾਤ) ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਉਸ ਨੇ ਹਾਲ ਵਿੱਚ ਆਏ ਵਿੱਦਿਅਕ ਨਤੀਜਿਆਂ ਵਿੱਚ ਆਪਣੇ ਸਕੂਲ ਦੀ 8ਵੀਂ ਜਮਾਤ ਵਿਚੋਂ 100/100 ਅੰਕ ਪ੍ਰਾਪਤ ਕੀਤੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ - ਜਜ਼ਬੇ ਨੂੰ ਸਲਾਮ, ਅਮਰੀਕਾ 'ਚ ਪਹਿਲੀ ਵਾਰ ਕਿਸੇ ਬੀਬੀ ਨੇ ਪੂਰੀ ਕੀਤੀ 'ਨੇਵੀ' ਦੀ ਸਖ਼ਤ ਟਰੇਨਿੰਗ

ਉਨ੍ਹਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਸਾਡੀ ਲਾਡਲੀ ਧੀ ਨੇ ਸਾਡੇ ਪਰਿਵਾਰ, ਭਾਰਤੀ ਭਾਈਚਾਰੇ ਦਾ ਅਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।ਦੱਸਣਯੋਗ ਹੈ ਕਿ ਪਰਨੀਤ ਕੌਰ ਮੱਲ੍ਹੀ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਚੁੱਘਾ ਕਲਾਂ ਤਹਿਸੀਲ ਧਰਮਕੋਟ ਨਾਲ ਸਬੰਧਤ ਹੈ।

ਨੋਟ- ਇਟਲੀ ਵਿਚ ਪੰਜਾਬੀ ਭਾਈਚਾਰੇ ਦੇ ਬੱਚੇ ਪੜ੍ਹਾਈ ਦੇ ਖੇਤਰ ਵਿਚ ਲਗਾਤਾਰ ਮਾਰ ਰਹੇ ਹਨ ਮੱਲਾਂ, ਇਸ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News